
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਟਾਹਲੀ ਵਾਲਾ ਚੌਂਕ ਸਥਿਤ ਕਿੱਤਿਆਂ ਵਾਲੇ ਬਾਜ਼ਾਰ ਵਿੱਚ ਮੁਰੰਮਤ ਅਧੀਨ ਚਾਰ ਮੰਜ਼ਿਲਾਂ ਇਮਾਰਤ ਅਚਾਨਕ ਹੀ ਢਹਿ ਗਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਲੋਕਾਂ ਵਿੱਚ ਭਗਦੜ ਮਚ ਗਈ। ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ ,ਉਸ ਸਮੇਂ ਇਮਾਰਤ ਦੇ ਅੰਦਰ ਮੁਰੰਮਤ ਅਤੇ ਬਣਤਰ ਦਾ ਕੰਮ ਚੱਲ ਰਿਹਾ ਸੀ।

ਇਸ ਦੌਰਾਨ ਅਚਾਨਕ ਇਮਾਰਤ ਦੀ ਇੱਕ ਵੱਡਾ ਹਿੱਸਾ, ਜਿਸ ਕਾਰਨ ਅੰਦਰ ਕੰਮ ਕਰ ਰਹੇ ਇੱਕ ਮਿਸਤਰੀ ਅਤੇ ਇੱਕ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਮਿਸਤਰੀ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ ਭੇਜ ਦਿੱਤਾ ਗਿਆ, ਜਦਕਿ ਇੱਕ ਮਜ਼ਦੂਰ ਮਲਬੇ ਹੇਠਾਂ ਬੁਰੀ ਤਰ੍ਹਾਂ ਫਸ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕਾ ਵਾਸੀਆਂ ਨੇ ਤੁਰੰਤ ਪ੍ਰਸ਼ਾਸਨ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਥਾਣਾ ਬੀ ਡਵੀਜ਼ਨ ਦੀ ਪੁਲਿਸ ਅਤੇ ਰੈਸਕਿਊ ਟੀਮਾਂ ਮੌਕੇ ’ਤੇ ਪਹੁੰਚ ਗਈਆਂ।
ਇਲਾਕਾ ਵਾਸੀਆਂ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਸੇ ਹੋਏ ਮਜ਼ਦੂਰ ਨੂੰ ਸੁਰੱਖਿਅਤ ਤਰੀਕੇ ਨਾਲ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਰੈਸਕਿਊ ਉਪਰੰਤ ਮਜ਼ਦੂਰ ਨੂੰ ਵੀ ਇਲਾਜ ਲਈ ਤੁਰੰਤ ਹਸਪਤਾਲ ਭੇਜਿਆ ਗਿਆ। ਪੁਲਿਸ ਵੱਲੋਂ ਇਮਾਰਤ ਨੂੰ ਸੀਲ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਮਾਰਤ ਡਿੱਗਣ ਦੇ ਸਹੀ ਕਾਰਨ ਸਪਸ਼ਟ ਨਹੀਂ ਹੋ ਸਕੇ ਹਨ।












