Sunday, October 18, 2026
Home Hoshiarpur ਇਹ ਮੇਰਾ ਪੰਜਾਬ ਨੀ ਸਈਓ, ਇਹ ਮੇਰਾ ਪੰਜਾਬ… 

ਇਹ ਮੇਰਾ ਪੰਜਾਬ ਨੀ ਸਈਓ, ਇਹ ਮੇਰਾ ਪੰਜਾਬ… 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਾਕੇਸ਼ ਭਾਰਗਵ। 14 ਮਾਰਚ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਬਹੁਤ ਕੁੱਝ ਸੋਚਣ ਤੇ ਸਮਝਣ ਲਈ ਆਪਣੇ ਪਿੱਛੇ ਛੱਡ ਗਿਆ। ਰਾਜਨੀਤੀ ਨੂੰ ਉੱਪਰੋਂ ਉੱਪਰੋਂ ਸਮਝਣ ਵਾਲੇ ਲੋਕ ਕਿਆਸ ਲਾਈ ਬੈਠੇ ਸਨ ਕਿ ਅਮਿਤ ਸ਼ਾਹ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿੱਚ ਹੋਣ ਜਾ ਰਹੇ ਭਾਰੀ ਇਕੱਠ ਵਿੱਚ ਗੱਠਜੋੜ ਦੀ ਕਿੱਲੀ ਨੱਪ ਦੇਣਗੇ। ਅਕਾਲੀ ਦਲ ਦੇ ਲੀਡਰ ਭਾਵੇਂ ਸੰਜਮ ਵਰਤ ਕੇ ਇਸ ਵਿਸ਼ੇ ਤੇ ਨ ਬੋਲੇ ਹੋਣ,ਪਰ ਅੰਦਰੋਂ ਅੰਦਰ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰੀ ਨਹੀਂ ਸਨ। ਅਮਿਤ ਸ਼ਾਹ ਜਿਸ ਨੂੰ ਇਕੱਲਿਆਂ ਉਸ ਦੀ ਆਪਣੀ ਪਾਰਟੀ ਹੀ ਨਹੀਂ, ਸਗੋਂ ਵਿਰੋਧੀ ਵੀ ਰਾਜਨੀਤੀ ਦਾ ਚਾਣਕਿਆ ਮੰਨਦੇ ਹਨ। ਉਨ੍ਹਾਂ ਵੱਲੋਂ ਗੱਠਜੋੜ ਵਾਰੇ ਨ ਤਾਂ ਹਾਂ ਕਹਿਣੀ ਤੇ ਨ ਹੀ ਨਾਂਹ ਕਹਿਣੀ,ਇੱਕ ਸੁਲਝੇ ਹੋਏ ਸਿਆਸਤਦਾਨ ਦੀ ਪ੍ਰਤੱਖ ਨਿਸ਼ਾਨੀ ਰਹੀ। ਇਹ ਗੱਲ ਤਾਂ ਪੱਕੀ ਹੈ ਕਿ ਬਹੁਤੀਆਂ ਚਤੁਰਾਈਆਂ ਉਸ ਨੇ ਵਿਰੋਧੀਆਂ ਤੋਂ ਹੀ ਸਿੱਖੀਆਂ ਹਨ।

Advertisements

ਇਸ ਤੋਂ ਉਲਟ ਰਾਜਨੀਤੀ ਨੂੰ ਡੂੰਘਾਈ ਤੱਕ ਸਮਝਣ ਵਾਲੇ ਬੁੱਧੀਜੀਵੀ ਭਲੀ ਭਾਂਤ ਜਾਣਦੇ ਸਨ ਕਿ ਅਮਿਤ ਸ਼ਾਹ ਮੋਗਾ ਰੈਲੀ ਵਿੱਚ ਗੱਠਜੋੜ ਵਾਰੇ ਕੋਈ ਵਿਆਨ ਨਹੀਂ ਦੇਣਗੇ। ਹਾਲਾਂਕਿ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ ਇਕੱਲਿਆਂ ਰਾਜ ਸੱਤਾ ਤੇ ਕਾਬਜ਼ ਹੋ ਜਾਵੇਗਾ, ਮੁੰਗੇਰੀ ਲਾਲ ਦੇ ਸੁਪਨਿਆਂ ਵਾਂਗ ਹੀ ਹੈ।ਇੱਕ ਸਬਕ ਤਾਂ ਜ਼ਰੂਰ ਹੈ ਕਿ ਜਿਸਦੇ ਨਾਲ ਵੱਡੇ ਜਾਂ ਛੋਟੇ ਭਾਈਆਂ ਦਾ ਰਿਸ਼ਤਾ ਬਣਾ ਲਿਆ ਹੋਵੇ ਤਾਂ ਫਿਰ ਯਾਰੀ ਤੋੜਨ ਸਮੇਂ ਕੁੱਝ ਕੂ ਤਾਂ ਸ਼ਬਦਾਂ ਦੀ ਮਰਿਆਦਾ ਰੱਖ ਲੈਣੀ ਚਾਹੀਦੀ ਹੈ।

ਦੋ ਧਿਰਾਂ ਦੀ ਲੜਾਈ ਵਿੱਚ ਅਜਿਹੇ ਸਮੇਂ ਤੀਜੀ ਧਿਰ ਨੂੰ ਫਾਇਦਾ ਨ ਹੋਵੇ, ਕਿਵੇਂ ਹੋ ਸਕਦਾ ਹੈ। ਦੋਵੇਂ ਧਿਰਾਂ ਇਸ ਕੌੜੀ ਸੱਚਾਈ ਤੋਂ ਮੁੱਕਰ ਨਹੀਂ ਸਕਦੀਆਂ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਇਕੱਲਿਆਂ ਇਕੱਲਿਆਂ ਚੋਣ ਮੈਦਾਨ ਵਿੱਚ ਨਿੱਤਰ ਦੀਆਂ ਹਨ, ਤਾਂ ਇਸ ਦਾ ਸਿੱਧਾ ਮਤਲਬ ਆਪ ਪਾਰਟੀ ਦਾ ਸਮਰਥਨ ਹੋਵੇਗਾ। ਪਿਛਲੇ ਸਮੇਂ ਨਾਲੋਂ ਭਾਵੇਂ ਸੁਖਬੀਰ ਸਿੰਘ ਬਾਦਲ ਦਾ ਗ੍ਰਾਫ ਵਧਿਆ ਹੋਵੇ, ਭਾਵੇਂ ਭਾਜਪਾ ਦਾ ਵੋਟ ਬੈਂਕ ਵੀ ਮਜ਼ਬੂਤ ਹੋਇਆ ਹੋਵੇ,ਪਰ ਇਕੱਲਿਆਂ ਚੋਣ ਮੈਦਾਨ ਵਿੱਚ ਨਿੱਤਰ ਕੇ, ਰਾਜ ਸਿੰਘਾਸਨ ਤੇ ਕਾਬਜ਼ ਹੋਣਾ, ਦੂਰ ਦੀ ਗੱਲ ਹੈ।

ਤੀਜੀ ਧਿਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇੱਥੇ ਤਾਂ ਪਹਿਲਾਂ ਹੀ ਕੁੱਝ ਲੋਕ ਪੱਬਾਂ ਭਾਰ ਹੋਈ ਬੈਠੇ ਹਨ। ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋਣ ਤੇ, ਪਾਰਟੀ ਦੀ ਫੁੱਟਵਾਜੀ ਸਾਹਮਣੇ ਆਉਣ ਦੇ ਅਨੁਮਾਨਾਂ ਤੋਂ ਮੁੱਕਰਿਆ ਨਹੀਂ ਜਾ ਸਕਦਾ। ਭਾਵੇਂ ਨਵਜੋਤ ਸਿੰਘ ਸਿੱਧੂ ਫਿਲਹਾਲ ਏਸ ਅਖਾੜੇ ਤੋਂ ਬਾਹਰ ਹੋ ਗਿਆ ਹੈ,ਪਰ ਕਦੋਂ ਗਿਰਗਿਟ ਫੇਰ ਰੰਗ ਬਦਲ ਲਵੇ,ਕੌਣ ਜਾਣਦਾ ਹੈ। ਕੁੱਝ ਵੀ ਹੋਵੇ, ਰਾਜਨੀਤੀ ਦਾ ਚਾਣਕਿਆ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸੋਚਣ ਲਈ ਛੱਡ ਗਿਆ ਕਿ,ਅਜੇ ਜਦੋਂ ਚੋਣਾਂ ਵਿੱਚ ਲੱਗਭੱਗ 11 ਮਹੀਨਿਆਂ ਦਾ ਸਮਾਂ ਬਾਕੀ ਹੈ ਤਾਂ ਏਨੀ ਕਾਹਲੀ ਵੀ ਕਾਹਦੀ ਸੀ, ਕਿ ਭਾਜਪਾ ਨੂੰ ਜਿਤਾਉਣ ਲਈ ਵਿਗਲ ਬਜਾ ਦਿੱਤਾ ਜਾਵੇ।ਨਤੀਜਾ ਭਾਵੇਂ ਕੁਝ ਵੀ ਹੋਵੇ,ਪਰ ਕਮਾਂਡ ਭਾਜਪਾ ਹੱਥ ਹੀ ਰਹੇਗੀ, ਸ਼ਾਇਦ ਇਹੀ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਦੀ ਗੇੜੀ ਕੱਢੀ ਗਈ ਹੈ।

ਰਾਜਸੱਤਾ ਤੇ ਕਾਬਜ਼ ਪਾਰਟੀ ਸਰਕਾਰੀ ਤੰਤਰ ਦਾ ਉਪਯੋਗ ਤੇ ਦੁਰਪ੍ਯੋਗ ਕਰਨ ਤੋਂ ਗ਼ੁਰੇਜ਼ ਨਹੀਂ ਕਰੇਗੀ, ਕਿਵੇਂ ਦਰਕਿਨਾਰ ਕੀਤਾ ਜਾ ਸਕਦਾ ਹੈ।ਦੂਸਰਾ ਸਿਰਫ ਤੇ ਸਿਰਫ ਵਿਰੋਧਤਾ ਨੂੰ ਤਿਆਗ ਕੇ ਆਪ ਪਾਰਟੀ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਨੂੰ ਕਿਵੇਂ ਨਕਾਰਿਆ ਜਾ ਸਕਦਾ ਹੈ। ਭਵਿੱਖ ਆਪਣੇ ਆਪ ਵਿੱਚ ਕੀ ਕੁੱਝ ਲੁਕਾ ਕੇ ਬੈਠਾ ਹੈ, ਕੌਣ ਜਾਣਦਾ ਹੈ।ਆਮ ਜਨਤਾ ਚੰਗੇ ਭਵਿੱਖ ਲਈ ਆਸਾਂ ਤੇ ਉਮੀਦਾਂ ਹੀ ਕਰ ਸਕਦੀ ਹੈ।

ਰਾਕੇਸ਼ ਭਾਰਗਵ, ਡਿਪਟੀ ਚੀਫ਼ ਐਡੀਟਰ, ਦ ਸਟੈਲਰ ਨਿਊਜ਼।

LEAVE A REPLY

Please enter your comment!
Please enter your name here