
ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਦੇ ਡੇਰਾਬੱਸੀ ਦੀ ਅਦਾਲਤ ਨੇ ਇੱਕ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2-2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਫੈਸਲਾ ਕਰੀਬ ਸੱਤ ਸਾਲ ਚੱਲੀ ਸੁਣਵਾਈ ਤੋਂ ਬਾਅਦ ਜੂਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਪਰਨੀਤ ਕੌਰ ਦੀ ਅਦਾਲਤ ਨੇ ਸੁਣਾਇਆ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦੋ ਸਾਲ ਦੀ ਕੈਦ ਦੇ ਨਾਲ-ਨਾਲ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸ ਮਾਮਲੇ ਵਿੱਚ ਸ਼ਾਹਬਾਜ ਸਿੰਘ ਸੋਹੀ (ਮੌਜੂਦਾ ਨਿਵਾਸੀ ਚੰਡੀਗੜ੍ਹ, ਮੂਲ ਵਾਸੀ ਜੀਰਕਪੁਰ), ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਸਜ਼ਾ ਸੁਣਾਏ ਜਾਣ ਤੋਂ ਬਾਅਦ ਤਿੰਨਾਂ ਨੇ ਮੌਕੇ ‘ਤੇ ਜਮਾਨਤ ਰਕਮ ਭਰ ਕੇ ਜਮਾਨਤ ਹਾਸਲ ਕਰ ਲਈ। ਦੱਸ ਦਈਏ ਕਿ ਮਾਮਲਾ 2018 ਵਿੱਚ ਜੀਰਕਪੁਰ ਦੇ ਰਹਿਣ ਵਾਲੇ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਦੇ ਭਰਾ ਕਮਲਜੀਤ ਸਿੰਘ ਕਾਮਾ ਵੱਲੋਂ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤ ਮੁਤਾਬਕ ‘ਮੇਸਰਜ਼ ਪਲੇਟਿਨਮ ਸਮਾਰਟ ਬਿਲਡਕਾਨ’ ਦੇ ਤਿੰਨਾਂ ਪਾਰਟਨਰਾਂ ਨੇ ਰਾਜਪੁਰਾ ਵਿੱਚ ਹਾਊਸਿੰਗ ਪ੍ਰੋਜੈਕਟ ਲਈ ਕਰੋੜਾਂ ਰੁਪਏ ਦੇ ਪਲਾਟਾਂ ਦਾ ਸੌਦਾ ਕੀਤਾ ਸੀ। ਪਰ ਸੌਦਾ ਪੂਰਾ ਨਾ ਹੋਣ ‘ਤੇ ਦਿੱਤਾ ਗਿਆ ਸਾਢੇ ਤਿੰਨ ਕਰੋੜ ਰੁਪਏ ਦਾ ਚੈਕ ਬਾਊਂਸ ਹੋ ਗਿਆ। ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸ਼ਿਕਾਇਤਕਰਤਾ ਪੱਖ ਨੂੰ ਮਜ਼ਬੂਤ ਮੰਨਦਿਆਂ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ। ਸ਼ਿਕਾਇਤਕਰਤਾ ਪੱਖ ਦੇ ਵਕੀਲ ਭਾਰਤ ਜੋਸ਼ੀ ਨੇ ਦੱਸਿਆ ਕਿ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਫੈਸਲਾ ਆਇਆ ਹੈ। ਕਮਲਜੀਤ ਸਿੰਘ ਕਾਮਾ ਨੇ ਕਿਹਾ ਕਿ ਮੁਲਜ਼ਮਾਂ ਨੇ ਯੋਜਨਾਬੱਧ ਢੰਗ ਨਾਲ ਠੱਗੀ ਕੀਤੀ ਸੀ।











