
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਵਿੱਚ ਅਟਾਰੀ-ਵਾਘਾ ਸਰਹੱਦ ‘ਤੇ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ‘ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ। ਹਾਲਾਂਕਿ, ਕਿਸੇ ਵੀ ਸ਼ਰਧਾਲੂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਬੱਸ ਵਿੱਚ ਇੱਕ ਸ਼ਰਧਾਲੂ ਦਾ ਮੋਬਾਈਲ ਟੁੱਟ ਜਾਣ ਦੀ ਖ਼ਬਰ ਹੈ। ਪੁਲਿਸ ਨੇ ਦੋਵੇਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਬੱਸ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 21 ਜੁਲਾਈ 2026 ਨੂੰ ਸਵੇਰੇ ਕਰੀਬ 4:30 ਵਜੇ ਗੱਡੀ ਨੰਬਰ UP-70-LT-0183 ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਚੱਲੇ ਸੀ, ਜਦੋਂ ਉਹ 5:41 ਵਜੇ ਜਦੋਂ ਉਹ ਵਾਘਾ ਸਰਹੱਦ ਨੇੜੇ ਪਹੁੰਚੇ ਤਾਂ ਇੱਕ ਸਵਿਫਟ ਗੱਡੀ ਨੰਬਰ PB10-HH-4477 ਨੇ ਬੱਸ ਅੱਗੇ ਖਤਰਨਾਕ ਡਰਾਈਵਿੰਗ ਸ਼ੁਰੂ ਕਰ ਦਿੱਤੀ।

ਜਦੋਂ ਉਨ੍ਹਾਂ ਨੇ ਗੱਡੀ ਸਵਾਰ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਤਾਂ ਦੋਵੇਂ ਨੌਜਵਾਨਾਂ ਨੇ ਗੱਡੀ ਬੱਸ ਅੱਗੇ ਲਾ ਕੇ ਰੋਕ ਲਈ ਅਤੇ ਗਾਲੀ-ਗਲੌਚ ਕਰਨ ਲੱਗੇ ਤੇ ਬੇਸਬਾਲ ਤੇ ਗੰਡਾਸੇ ਕੱਢ ਲਿਆਏ। ਸ਼ਿਕਾਇਤਕਰਤਾ ਨੇ ਕਿਹਾ ਕਿ ਹਮਲੇ ਵਿੱਚ ਇੱਕ ਵਿਅਕਤੀ ਮਨਜੀਤ ਸਿੰਘ ‘ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ। ਇਸ ਦੌਰਾਨ ਹਮਲਾਵਰ ਦਾ ਵਾਰ ਉਸ ਦੇ ਮੋਬਾਈਲ ‘ਤੇ ਹੋਇਆ ਤਾਂ ਮੋਬਾਈਲ ਟੁੱਟ ਗਿਆ। ਘਟਨਾ ਵੇਲੇ ਬੱਸ ਵਿੱਚ ਕਰੀਬ 45 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚ 80 ਫ਼ੀਸਦੀ ਮਹਿਲਾਵਾਂ ਅਤੇ 20 ਫ਼ੀਸਦੀ ਬਜ਼ੁਰਗ ਸ਼ਾਮਲ ਸਨ। ਇੱਕ ਦਿਵਿਆਂਗ ਸ਼ਰਧਾਲੂ ਨੂੰ ਵੀ ਧੱਕਾ ਮਾਰ ਕੇ ਸੁੱਟਣ ਦਾ ਆਰੋਪ ਲਗਾਇਆ ਗਿਆ ਹੈ। ਪੁਲਿਸ ਨੇ ਦੋਵੇਂ ਅਣਪਛਾਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












