
ਰਾਜਪੁਰਾ (ਦ ਸਟੈਲਰ ਨਿਊਜ਼)। ਰਾਜਪੁਰਾ ਵਿੱਚ ਚਲਦੀ ਟਰੇਨ ਵਿੱਚ ਅੱਗ ਲੱਗਣ ਦੀ ਖਬਰ ਮਿਲੀ ਹੈ। ਅੱਗ ਲੱਗਣ ਕਰਨ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ। ਮਿਲੀ ਜਾਣਕਾਰੀ ਮੁਤਾਬਕ ਟ੍ਰੇਨ ਅੰਮ੍ਰਿਤਸਰ ਤੋਂ ਬਿਹਾਰ ਦੇ ਕਟਿਹਾਰ ਜਾ ਰਹੀ ਸੀ ਕਿ ਇਸੇ ਦੌਰਾਨ ਜਦੋਂ ਗੱਡੀ ਸਰਾਏ ਬੰਜਾਰਾ ਨੇੜੇ ਪਹੁੰਚੀ ਤਾਂ 4 ਡੱਬਿਆਂ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਯਾਤਰੀਆਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।

ਜਿਉਂ ਹੀ ਬੋਗੀਆਂ ਵਿੱਚੋਂ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਕਾਲੇ ਧੂੰਏਂ ਦਾ ਗੁਬਾਰ ਨਿਕਲਦਾ ਦੇਖਿਆ ਗਿਆ, ਰੇਲਵੇ ਸਟਾਫ਼ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਗੱਡੀ ਨੂੰ ਮੌਕੇ ‘ਤੇ ਹੀ ਰੋਕ ਲਿਆ ਗਿਆ। ਚੱਲਦੀ ਰੇਲ ਗੱਡੀ ਵਿੱਚ ਅੱਗ ਭੜਕਣ ਕਾਰਨ ਅੰਦਰ ਸਵਾਰ ਮੁਸਾਫ਼ਰਾਂ ਵਿੱਚ ਜ਼ਬਰਦਸਤ ਹਫ਼ੜਾ-ਦਫ਼ੜੀ ਅਤੇ ਚੀਕ-ਚਿਹਾੜਾ ਪੈ ਗਿਆ। ਆਪਣੀ ਜਾਨ ਬਚਾਉਣ ਲਈ ਯਾਤਰੀ ਸਮਾਨ ਦੀ ਪਰਵਾਹ ਕੀਤੇ ਬਿਨਾਂ ਹੀ ਟਰੇਨ ਵਿੱਚੋਂ ਹੇਠਾਂ ਛਾਲਾਂ ਮਾਰ ਕੇ ਭੱਜਣ ਲੱਗੇ। ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਕੁਝ ਯਾਤਰੀਆਂ ਦੇ ਝੁਲਸਣ ਅਤੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਫ਼ਿਲਹਾਲ ਰੇਲਵੇ ਦੇ ਡੱਬਿਆਂ ਵਿੱਚ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰੇਲਵੇ ਪ੍ਰਸ਼ਾਸਨ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।












