
ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਤੰਦਰੁਸਤ ਪੰਜਾਬ ਮੁਹਿੰਮ ਅਧੀਨ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਪੀ.ਐਚ.ਸੀ. ਚੱਕੋਵਾਲ ਵਿਖੇ ਡਾ. ਓ.ਪੀ. ਗੋਜਰਾ ਜੀ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਡਾ. ਮਾਨਵ ਸਿੰਘ, ਡਾ. ਸੁਰਿੰਦਰ ਕੁਮਾਰ, ਬੀ.ਈ.ਈ. ਰਮਨਦੀਪ ਕੌਰ, ਐਲ.ਐਚ.ਵੀ. ਕ੍ਰਿਸ਼ਨਾ ਰਾਣੀ, ਸਟਾਫ਼ ਕਮਲੇਸ਼ ਕੌਰ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ।

ਇਸ ਦੌਰਾਨ ਵੈਕਟਰ ਬੋਰਨ ਬੀਮਾਰੀਆਂ ਤੋਂ ਬਚਾਅ ਲਈ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ। ਜਾਗਰੂਕਤਾ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਓ.ਪੀ. ਗੋਜਰਾ ਜੀ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਕਈ ਬੀਮਾਰੀਆਂ ਹੁੰਦੀਆਂ ਹਨ। ਜਿਨਾਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਸ਼ਾਮਿਲ ਹਨ। ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਹੈਜਾ,ਪੀਲੀਆ, ਟਾਈਫਾਈਡ, ਪੇਚਿਸ਼ ਆਦਿ ਤੋਂ ਬਚਾਅ ਲਈ ਜਰੂਰੀ ਹੈ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਿਆ ਜਾਵੇ ਅਤੇ ਪਾਣੀ ਉਬਾਲ ਕੇ ਹੀ ਪੀਤਾ ਜਾਵੇ।
ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਮਲੇਰੀਆਂ, ਡੇਂਗੂ ਅਤੇ ਚਿਕਨਗੁਨੀਆ ਆਦਿ ਸ਼ਾਮਿਲ ਹਨ ਤੋਂ ਬਚਾਅ ਜਰੂਰੀ ਹੈ ਕਿ ਮੱਛਰਾਂ ਦੇ ਪੈਦਾ ਹੋਣ ਨੂੰ ਰੋਕਿਆ ਜਾਵੇ ਅਤੇ ਇਸਦੇ ਕੱਟਣ ਤੋਂ ਬਚਾਅ ਕੀਤਾ ਜਾਵੇ। ਉਹਨਾਂ ਇਲਾਕਾ ਨਿਵਾਸੀਆਂ ਨੂੰ ਇਸਦੇ ਫੈਲਣ ਦੇ ਕਾਰਣਾਂ, ਇਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਅਤੇ ਇਸਦੇ ਲੱਛਣਾਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਆਪਣੇ ਘਰਾਂ ਦੀ ਸਾਫ਼ ਸਫ਼ਾਈ ਅਤੇ ਆਲੇ ਦੁਆਲੇ ਦੀ ਸਾਫ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ।
ਡਾ. ਓ.ਪੀ. ਗੋਜਰਾ ਜੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਉਹ ਵਿਅਕਤੀ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਏ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਵੇ। ਬੀ.ਈ.ਈ. ਰਮਨਦੀਪ ਕੌਰ ਨੇ ਦੱਸਿਆ ਕਿ ਮੱਛਰ ਸਾਫ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਆਪਣੇ ਆਲੇ ਦੁਆਲੇ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਤਰਾਂ ਪਾਣੀ ਖੜਾ ਨਾ ਰਹੇ। ਮੱਛਰਾਂ ਤੋਂ ਬਚਣ ਲਈ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋ ਕੀਤੀ ਜਾਵੇ।












