
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਚੋਣਾਂ ਦੌਰਾਨ ਟੀਚਿੰਗ ਸਟਾਫ ਵਲੋਂ ਦਿੱਤੀਆਂ ਸੇਵਾਵਾਂ ਨੂੰ ਅਧਿਆਪਕ ਦਿਵਸ ਮੌਕੇ ਤੇ 5 ਸਤੰਬਰ ਨੂੰ ਸਨਮਾਨ ਦੇਣ ਲਈ ਟੀਚਿੰਗ ਸਟਾਫ ਦੇ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਸੂਬਾ ਪੱਧਰ ‘ਤੇ ਪਹਿਲੀਆਂ 3 ਬਿਹਤਰੀਨ ਐਂਟਰੀਆਂ ਨੂੰ ਸਨਮਾਨ ਵਜੋਂ 1500 ਰੁਪਏ, 1000 ਰੁਪਏ ਅਤੇ 500 ਰੁਪਏ ਲੂਕ੍ਰਮਵਾਰ ਨਗਦ ਇਨਾਮ ਵਜੋਂ ਦਿੱਤੇ ਜਾਣਗੇ ਜਦਕਿ ਜ਼ਿਲਾ ਪੱਧਰ ‘ਤੇ ਪਹਿਲੇ ਸਥਾਨ ‘ਤੇ ਆਏ ਅਧਿਆਪਕ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।

ਉਨਾਂ ਦੱਸਿਆ ਕਿ ਇਹ ਲੇਖਣ ਮੁਕਾਬਲੇ ਚੋਣਾਂ ਦੌਰਾਨ ਤਜ਼ਰਬੇ, ਚੋਣ ਡਿਊਟੀ ਨੂੰ ਹੋਰ ਸੁਖਾਵਾਂ ਬਣਾਉਣ ਲਈ ਸੁਝਾਅ ਅਤੇ ਕੋਵਿਡ-19 ਦੌਰਾਨ ਚੋਣ ਡਿਊਟੀ ਨੂੰ ਦਰਪੇਸ਼ ਚੁਣੌਤੀਆਂ ਵਿਸ਼ਿਆਂ ‘ਤੇ ਹੋ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਜ਼ਿਲੇ ਦੇ ਸਮੂਹ ਸਕੂਲ, ਕਾਲਜ, ਆਈ.ਟੀ.ਆਈ., ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦੇ ਸਟਾਫ, ਜਿਨਾਂ ਵਲੋਂ ਚੋਣ ਡਿਊਟੀ ਦਿੱਤੀ ਗਈ ਹੈ, ਉਕਤ ਵਿਸ਼ਿਆਂ ‘ਤੇ 500 ਸ਼ਬਦ ਅੰਗਰੇਜੀ ਜਾਂ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਜ਼ਿਲਾ ਨੋਡਲ ਅਧਿਕਾਰੀ ਨੂੰ 31 ਅਗਸਤ 2020 ਤੱਕ ਆਪਣੀ ਐਂਟਰੀ ਭੇਜ ਸਕਦੇ ਹਨ।
ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਟੀਚਿੰਗ ਸਟਾਫ ਦੇ ਇਨਾਂ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਟੀਮ ਬਣਾ ਦਿੱਤੀ ਗਈ ਹੈ ਜਿਸਦੀ ਇੰਚਾਰਜ ਪ੍ਰਿੰਸੀਪਲ-ਕਮ-ਨੋਡਲ ਅਫ਼ਸਰ ਸਵੀਪ ਰਚਨਾ ਕੌਰ ਅਤੇ ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਸਤਨਾਮ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਅਤੇ ਪ੍ਰਿੰਸੀਪਲ ਸਰਕਾਰੀ ਸਕੂਲ ਸ਼ੈਲੇਂਦਰ ਠਾਕੁਰ ਮੈਂਬਰ ਹੋਣਗੇ। ਇਹ ਟੀਮ ਜ਼ਿਲੇ ਵਿੱਚ ਪੈਂਦੇ ਸਮੂਹ ਸਕੂਲ, ਕਾਲਜ, ਆਈ.ਟੀ.ਆਈ., ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦੇ ਸਟਾਫ ਤੋਂ ਪ੍ਰਾਪਤ ਹੋਈਆਂ ਐਂਟਰੀਆਂ ਨੂੰ ਵਾਚਣ ਉਪਰੰਤ ਇਕ ਬਿਹਤਰੀਨ ਐਂਟਰੀ ਵਧੀਕ ਜ਼ਿਲਾ ਚੋਣ ਅਫ਼ਸਰ ਦੇ ਦਫ਼ਤਰ ਵਿੱਚ 2 ਸਤੰਬਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਏਗੀ।











