
ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਪਿੰਡ ਦੁੱਬਲੀ ਵਿੱਚ ਸਾਬਕਾ ਫ਼ੌਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਜਸਵੰਤ ਸਿੰਘ ਉਰਫ ਬਿੱਟੂ ਵਾਸੀ ਦੁੱਬਲੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਸਵੰਤ ਜੋ ਕਿ ਫ਼ੌਜ ਵਿੱਚੋਂ ਸੇਵਾ ਮੁਕਤ ਹੋ ਕੇ ਆਪਣੇ ਘਰ ਦੇ ਬਾਹਰ ਕੋਟ ਬੁੱਢਾ ਰੋਡ ਤੇ ਖਾਦਾਂ ਦੀ ਦੁਕਾਨ ਚਲਾਉਂਦਾ ਸੀ ਤੇ ਤੜਕਸਾਰ ਉਹ ਆਪਣੀ ਦੁਕਾਨ ਖੋਲ੍ਹ ਕੇ ਦੁਕਾਨ ਅੰਦਰ ਬੈਠਾ ਹੀ ਸੀ ਕਿ ਇੱਕ ਪਲਸਰ ਮੋਟਰਸਾਈਕਲ ਤੇ ਸਵਾਰ ਵਿਅਕਤੀ ਨੇ ਉਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਸਵੰਤ ਦੀ ਛਾਤੀ ਵਿੱਚ 3 ਗੋਲੀਆਂ ਲੱਗ ਗਈਆਂ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਇਆ ਹੈ ਕਿ ਜਸਵੰਤ ਨੂੰ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਵੱਲੋਂ ਲਗਾਤਾਰ ਫ਼ਿਰੌਤੀ ਦੀਆਂ ਫੋਨ ਕਾਲਾਂ ਆ ਰਹੀਆਂ ਸਨ। ਜਿਸ ਤੇ ਪੈਸੇ ਨਾ ਦੇਣ ਕਾਰਨ ਅੱਜ ਤੜਕਸਾਰ ਜਸਵੰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।












