
ਪੰਚਕੂਲਾ (ਦ ਸਟੈਲਰ ਨਿਊਜ਼)। ਪੰਚਕੂਲਾ ਵਿੱਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਪੰਚਕੂਲਾ ਦੇ ਕਾਲਕਾ ਕਾਲੀ ਮਾਤਾ ਮੰਦਰ ਦੇ ਸਾਹਮਣੇ ਵਾਪਰਿਆ। ਜਿਥੇ ਸੀਮਿੰਟ ਦੀਆਂ ਬੋਰੀਆਂ ਨਾਲ ਭਰਿਆ ਇਕ ਟਰੱਕ ਪਲਟਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਚਾਰ ਸਾਲ ਦੇ ਬੱਚੇ ਤੇ ਟਰੱਕ ਡਰਾਇਵਰ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਮਨਿੰਦਰ ਉਰਫ਼ ਰਾਜਵੀਰ ਵੱਜੋਂ ਪੋਈ ਹੈ। ਉਹ ਅਪਣੇ ਪਰਿਵਾਰ ਨਾਲ ਕਾਲੀ ਮਾਤਾ ਦੇ ਮੰਦਰ ਦਰਸ਼ਨ ਕਰਨ ਆਇਆ ਸੀ। ਬੱਚੇ ਦੇ ਰਿਸ਼ਤੇਦਾਰ ਨੇ ਸਿਮਰਨਜੀਤ ਨੇ ਦੱਸਿਆ ਕਿ ਉਹ ਆਪਣੀ ਮੋਟਰਸਾਇਕਲ ਖੜ੍ਹੀ ਕਰ ਰਹੇ ਸਨ ਕਿ ਪਰਮਾਣੂ ਤੋ ਆ ਰਿਹਾ ਇਕ ਟਰੱਕ ਮੰਦਰ ਦੇ ਸਾਹਮਣੇ ਪਲਟ ਗਿਆ। ਇਸ ਹਾਦਸੇ ਵਿੱਚ ਉਸਦੇ ਵੱਡੇ ਭਰਾ ਦੇ 4 ਸਾਲ ਦੇ ਪੁਤਰ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਕਾਲਕਾ ਪੁਲਿਸ ਸਟੇਸ਼ਨ ਦੇ ਇੰਚਾਰਜ ਮਨਸਾਰਾਮ ਵੀ ਮੌਕੇ ‘ਤੇ ਪਹੁੰਚੇ ਅਤੇ ਦੱਸਿਆ ਕਿ ਟਰੱਕ ਪਰਮਾਣੂ ਤੋਂ ਆ ਰਿਹਾ ਸੀ ਅਤੇ ਇਸ ਵਿੱਚ ਲਗਭਗ 700 ਸੀਮਿੰਟ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਅੰਬਾਲਾ ਤੋਂ ਇੱਕ ਪਰਿਵਾਰ ਦੋ ਬਾਈਕਾਂ ‘ਤੇ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਆਇਆ ਸੀ। ਜਿਵੇਂ ਹੀ ਉਨ੍ਹਾਂ ਨੇ ਆਪਣੀਆਂ ਬਾਈਕਾਂ ਖੜ੍ਹੀਆਂ ਕੀਤੀਆਂ ਅਤੇ ਮੰਦਰ ਵੱਲ ਤੁਰਨਾ ਸ਼ੁਰੂ ਕੀਤਾ, ਪਰਮਾਣੂ ਤੋਂ ਆ ਰਿਹਾ ਇੱਕ ਟਰੱਕ ਮੰਦਰ ਦੇ ਸਾਹਮਣੇ ਪਲਟ ਗਿਆ ਅਤੇ ਇੱਕ 4 ਸਾਲ ਦਾ ਬੱਚਾ ਸੀਮਿੰਟ ਦੀ ਬੋਰੀ ਹੇਠਾਂ ਕੁਚਲਿਆ ਗਿਆ।
ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਅਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਦੁਆਰਾ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਬੱਚਿਆਂ ਨੂੰ ਦੇਖ ਕੇ ਇੱਕ ਵਿਅਕਤੀ ਬੇਹੋਸ਼ ਹੋ ਗਿਆ ਅਤੇ ਉਸਨੂੰ ਸੈਕਟਰ 6 ਪੰਚਕੂਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਜਾਰੀ ਹੈ।












