
ਚੱਕੋਵਾਲ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਮਨਪ੍ਰੀਤ ਕੌਰ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਚੱਕੋਵਾਲ ਦੀ ਅਗਵਾਈ ਵਿਚ 14 ਸਾਲ ਦੀਆਂ ਬੱਚੀਆਂ ਦੇ ਐਚ.ਪੀ.ਵੀ. ਵੈਕਸੀਨ ਲਗਾਈ ਜਾ ਰਹੀ ਹੈ। ਸੂਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਏ.ਏ.ਕੇ. ਸੂਸ ਦੇ ਮੈਡੀਕਲ ਅਫ਼ਸਰ ਡਾ. ਧਨਪਤ ਰਾਏ ਨੇ ਇਸ ਬਾਰੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ 28 ਫਰਵਰੀ 2026 ਤੋਂ ਪੂਰੇ ਦੇਸ਼ ਵਿੱਚ 14 ਸਾਲ ਦੀਆਂ ਲੜਕੀਆਂ ਨੂੰ ਐਚ.ਪੀ.ਵੀ. ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਹਿਊਮਨ ਪੈਪੀਲੋਮਾ ਵਾਇਰਸ (ਐਚ.ਪੀ.ਵੀ.) ਕਾਰਨ ਬੱਚੇਦਾਨੀ ਦਾ ਕੈਂਸਰ ਹੁੰਦਾ ਹੈ। ਉਹਨਾਂ ਦੱਸਿਆ ਕਿ ਐਚ.ਪੀ.ਵੀ. ਕਾਰਨ ਹੋਣ ਵਾਲਾ ਬੱਚੇਦਾਨੀ ਦਾ ਕੈਂਸਰ ਭਾਰਤੀ ਔਰਤਾਂ ਵਿਚ ਦੂਸਰਾ ਸਭ ਤੋਂ ਵੱਧ ਹੋਣ ਵਾਲਾ ਕੈਂਸਰ ਹੈ।

ਡਾ. ਧਨਪਤ ਰਾਏ ਨੇ ਕਿਹਾ ਕਿ ਇਸ ਕੈਂਸਰ ਤੋਂ ਬਚਾਅ ਲਈ ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਵੱਲੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵੈਕਸੀਨੇਸ਼ਨ 14 ਸਾਲ ਦੀਆਂ ਲੜਕੀਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਕੁਝ ਗਲਤ ਅਫਵਾਹਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਦਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਵੈਕਸੀਨ ਵਿਸ਼ਵ ਸਿਹਤ ਸੰਗਠਨ ਵੱਲੋਂ ਬਹੁਤ ਸਾਰੇ ਦੇਸ਼ਾਂ ਵਿਚ ਲਗਾਈ ਜਾ ਰਹੀ ਹੈ। ਇਸ ਲਈ ਬਿਨਾਂ ਕਿਸੇ ਡਰ ਤੋਂ ਆਪਣੀਆਂ ਬੱਚੀਆਂ ਨੂੰ ਇਹ ਵੈਕਸੀਨੇਸ਼ਨ ਲਗਵਾਓ। ਉਹਨਾਂ ਕਿਹਾ ਕਿ 14 ਸਾਲ ਤੇ ਲੜਕੀਆਂ ਨੂੰ ਇੱਕ ਡੋਜ਼ ਲਗਾਈ ਜਾਂਦੀ ਹੈ, ਜੋ ਕਿ ਪੂਰੀ ਤਰ੍ਹਾਂ ਅਸਰਦਾਰ ਹੈ। ਇਸ ਮੌਕੇ ਐਲ.ਐਚ.ਵੀ. ਰੇਖਾ ਦੇਵੀ, ਏ.ਐਨ.ਐਮ. ਨਵਦੀਪ ਕੌਰ, ਸੀ.ਐਚ.ਓ. ਸ਼ਿਵਾਨੀ, ਮ.ਪ.ਹ.ਵ. ਸਤਵੀਰ ਸਿੰਘ, ਮਨਜੋਤ ਕੌਰ, ਬਲਿਵੰਦਰ ਕੌਰ ਆਦਿ ਹਾਜ਼ਰ ਸਨ।












