
ਪਠਾਨਕੋਟ(ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਸੁੱਕੇ ਰਾਸ਼ਨ ਦੀਆਂ ਕਿੱਟਾਂ ਅਤੇ ਫੂਡ ਪੈਕਟ ਸਮੇਤ ਸਬਜ਼ੀਆਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਘਰ ਪਹੁੰਚਾਏ ਜਾ ਰਹੇ ਹਨ।


ਤਾਂ ਕਰਫ਼ਿਊ ਦੇ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕਰੀਬ 25 ਪਾਰਟੀਆਂ ਤਿਆਰ ਕੀਤੀਆਂ ਗਈਆਂ ਹਨ ਜੋ ਤਿਆਰ ਕੀਤਾ ਖਾਣਾ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਤੱਕ ਪਹੁੰਚਾ ਰਹੀਆਂ ਹਨ ਅਤੇ ਇਸ ਦੀ ਨਿਗਰਾਨੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰਫ਼ਿਊ ਕਾਰਨ ਜਿਹੜੇ ਦਿਹਾੜੀਦਾਰ ਆਪਣੀ ਆਜੀਵਕਾ ਕਮਾਉਣ ਵਿੱਚ ਅਸਮਰੱਥ ਹਨ, ਉਹਨਾਂ ਦਿਹਾੜੀਦਾਰਾਂ ਅਤੇ ਗਰੀਬ ਜ਼ਰੂਰਤਮੰਦ ਲੋਕਾਂ ਦੇ ਘਰ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਰਾਸ਼ਨ ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿਖੇ ਘਰ-ਘਰ ਜਾ ਕੇ ਗਰੀਬ ਵਿਅਕਤੀਆਂ ਦੇ ਘਰਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਤਿਆਰ ਭੋਜਨ ਵੀ ਵੰਡਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਸੰਕਟ ਦੀ ਸਥਿਤੀ ਵਿੱਚ ਲੋਕਾਂ ਦੇ ਨਾਲ ਹਨ।












