ਪਿੰਡ ਢੱਕੀ ਦਾ ਕਿਸਾਨ ਅਮਨਦਾਸ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਕਰ ਰਿਹੇ ਉਸ ਦਾ ਪ੍ਰਬੰਧਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੇ ਪਿੰਡ ਬਲਾਕ ਭੂੰਗਾ ਦੇ ਪਿੰਡ ਢੱਕੀ ਦਾ ਪ੍ਰਗਤੀਸ਼ੀਲ ਕਿਸਾਨ ਅਮਨਦਾਸ ਪਿਛਲੇ ਪੰਜ ਸਾਲਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਇਸ ਦਾ ਪ੍ਰਬੰਧਨ ਕਰ ਰਿਹਾ ਹੈ। ਇਸ ਤਰਾਂ ਕਰਕੇ ਉਹ ਨਾ ਸਿਰਫ਼ ਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ ਬਲਕਿ ਵੱਧ ਝਾੜ ਵੀ ਪ੍ਰਾਪਤ ਕਰ ਰਿਹਾ ਹੈ। ਫਾਈਨ ਆਰਟਸ ਗਰੈਜੂਏਟ ਅਮਨਦਾਸ 20 ਏਕੜ ਵਿੱਚ ਖੇਤੀ ਕਰਦਾ ਹੈ, ਜਿਸ ਵਿੱਚ 10 ਏਕੜ ਉਸ ਦੀ ਆਪਣੀ ਹੈ ਅਤੇ 10 ਏਕੜ ਉਸ ਨੇ ਠੇਕੇ ‘ਤੇ ਲੈ ਰੱਖੀ ਹੈ। ਉਹ ਕਰੀਬ 15 ਏਕੜ ਵਿੱਚ ਕਣਕ ਅਤੇ ਝੋਨੇ ਦੀ ਬਿਜਾਈ ਕਰਦਾ ਹੈ ਅਤੇ ਬਾਕੀ ਜ਼ਮੀਨ ਵਿੱਚ ਕਮਾਦ, ਆਲੂ, ਪਾਪੂਲਰ ਆਦਿ ਦੀ ਖੇਤੀ ਕਰਦਾ ਹੈ।
ਕਿਸਾਨ ਅਮਨਦਾਸ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਦੌਰਾਨ ਕਣਕ ਦੀ ਬਿਜਾਈ ਸਬੰਧੀ ਉਸ ਦੇ ਮਨ ਵਿੱਚ ਬਹੁਤ ਸ਼ੰਕੇ ਸਨ ਪਰ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਅਤੇ ਦਿਸ਼ਾ-ਨਿਰਦੇਸ਼ ‘ਤੇ ਜਦ ਉਸ ਨੇ ਕਣਕ ਦੀ ਬਿਜਾਈ ਕੀਤੀ ਤਾਂ ਉਸ ਦੇ ਸਾਰੇ ਸ਼ੰਕੇ ਦੂਰ ਹੋ ਗਏ। ਉਸ ਨੇ ਦੱਸਿਆ ਕਿ ਉਹ ਝੋਨੇ ਦੀ ਕਟਾਈ ਐਸ.ਐਮ.ਐਸ. ਲੱਗੀ ਕੰਬਾਇਲ ਨਾਲ ਕਰਵਾਉਂਦਾ ਹੈ, ਜਿਸ ਨਾਲ ਪਰਾਲੀ ਦੇ ਛੋਟੇ-ਛੋਟੇ ਟੁਕੜੇ ਹੋ ਜਾਂਦੇ ਹਨ ਅਤੇ ਸਾਰੇ ਖੇਤ ਵਿੱਚ ਖਿਲਾਰ ਦਿੰਦਾ ਹੈ। ਇਸ ਤੋਂ ਉਪਰੰਤ ਬਿਨਾਂ ਬਾਹੀ ਦੇ ਬੜੀ ਆਸਾਨੀ ਨਾਲ ਹੈਪੀਸੀਡਰ ਪਰਾਲੀ ਵਾਲੇ ਖੇਤਾਂ ਵਿੱਚ ਚੱਲ ਸਕਦਾ ਹੈ, ਜਿਸ ਦੇ ਫਲਸਰੂਪ ਝੋਨੇ ਵਾਲੇ ਖੇਤ ਦੀ ਨਮੀ ਦਾ ਪ੍ਰਯੋਗ ਕਰਦੇ ਹੋਏ ਕਣਕ ਦੀ ਬਿਜਾਈ ਹੋ ਜਾਂਦੀ ਹੈ ਅਤੇ ਸਮੇਂ, ਪਾਣੀ, ਡੀਜ਼ਲ ਅਤੇ ਜ਼ਰੂਰੀ ਤੱਤਾਂ ਦੀ ਕਾਫ਼ੀ ਬੱਚਤ ਹੁੰਦੀ ਹੈ।
ਅਮਨਦਾਸ ਨੇ ਦੱਸਿਆ ਕਿ ਪਰਾਲੀ ਜ਼ਮੀਨ ਵਿੱਚ ਮਿਲਾਉਣ ਨਾਲ ਜ਼ਮੀਨ ਮੁਲਾਇਮ ਹੋ ਜਾਂਦੀ ਹੈ ਅਤੇ ਜੈਵਿਕ ਪਦਾਰਥਾਂ ਵਿੱਚ ਵਾਧਾ ਹੁੰਦਾ ਹੈ। ਇਸ ਤਕਨੀਕ ਨਾਲ ਖੇਤ ਵਿੱਚ ਨਦੀਨਾਂ ਦੀ ਸਮੱਸਿਆ ਨਾ ਮਾਤਰ ਦੇ ਬਰਾਬਰ ਦੇਖਣ ਨੂੰ ਮਿਲਦੀ ਹੈ ਅਤੇ ਨਦੀਨ ਨਾਸ਼ਕ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਹੈ। ਉਹਨਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਪਰਾਲੀ ਨਾਲ ਜਲਾ ਕੇ ਖੇਤਾਂ ਵਿੱਚ ਸੰਭਾਲ ਕੇ ਵਾਤਾਵਰਣ ਪ੍ਰਦੂਸ਼ਣ ਘੱਟ ਕੀਤਾ ਜਾ ਸਕਦਾ ਹੈ, ਉਥੇ ਇਸ ਮਹਾਂਮਾਰੀ ਤੋਂ ਬਚਾਅ ਲਈ ਯੋਗਦਾਨ ਪਾਇਆ ਜਾ ਸਕਦਾ ਹੈ। ਉਸ ਨੇ ਕਿਸਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਪਰਾਲੀ ਨੂੰ ਖੇਤਾਂ ਵਿੱਚ ਨਾ ਜਲਾਉਣ ਬਲਕਿ ਉਸ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਕੇ ਫਾਇਦਾ ਉਠਾ ਸਕਦੇ ਹਨ, ਜਿਸ ਨਾਲ ਚੰਗੀ ਫ਼ਸਲ ਦੇ ਨਾਲ-ਨਾਲ ਵਾਤਾਵਰਣ ਵੀ ਸਾਫ਼ ਰਹਿੰਦਾ ਹੈ।

Advertisements

LEAVE A REPLY

Please enter your comment!
Please enter your name here