ਪੁਲਿਸ ਨਸ਼ਿਆਂ, ਮਾਫੀਆਂ, ਜੁਰਮਾਂ, ਗੈਂਗਸਟਰਾਂ ਤੇ ਅੱਤਵਾਦੀ ਸਰਗਰਮੀਆਂ ਖਿਲਾਫ਼ ਪੂਰੀ ਤਰਾਂ ਵਰਤੇਗੀ ਸਖਤੀ: ਨਵਜੋਤ ਮਾਹਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਵੇਂ ਵਰੇ 2021 ਦੀ ਆਮਦ ਮੌਕੇ ਜ਼ਿਲਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਅੱਜ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ-ਪਬਲਿਕ ਸਬੰਧਾਂ ਵਿੱਚ ਹੋਰ ਮਜ਼ਬੂਤੀ ਦੇ ਨਾਲ-ਨਾਲ ਨਸ਼ਿਆਂ, ਵੱਖ-ਵੱਖ ਮਾਫ਼ੀਆ, ਜੁਰਮਾਂ, ਗੈਂਗਸਟਰਾਂ ਅਤੇ ਅੱਤਵਾਦੀ ਸਰਗਰਮੀਆਂ ਖਿਲਾਫ਼ ਪੂਰੀ ਸਖਤੀ ਮੁੱਖ ਤਰਜੀਹ ਰਹੇਗੀ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਸਾਲ 2020 ਵਿੱਚ ਜ਼ਿਲਾ ਪੁਲਿਸ ਵਲੋਂ ਕੋਵਿਡ-19 ਮਹਾਂਮਾਰੀ ਕਾਰਨ ਕਈ ਸੰਕਟਾਂ ਦੇ ਬਾਵਜੂਦ ਅਮਨ-ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਲਈ ਸ਼ਲਾਘਾ ਕਰਦਿਆਂ ਪੂਰੀ ਪੁਲਿਸ ਫੋਰਸ ਦੀ ਕਾਰਗੁਜ਼ਾਰੀ ’ਤੇ ਪੂਰਨ ਤਸੱਲੀ ਪ੍ਰਗਟਾਈ।

Advertisements

ਉਹਨਾਂ ਕਿਹਾ ਕਿ ਪੁਲਿਸ ਅਤੇ ਆਮ ਲੋਕਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾਣਗੇ ਅਤੇ ਨਾਲ ਹੀ ਪੁਲਿਸ ਫੋਰਸ ਦੇ ਸਰਵਪੱਖੀ ਵਿਕਾਸ ਨੂੰ ਵੀ ਪੂਰੀ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਡਿਊਟੀ ਨੂੰ ਹੋਰ ਵੀ ਬੇਹਤਰ ਢੰਗ ਨਾਲ ਅੰਜ਼ਾਮ ਦੇ ਸਕਣ। ਜ਼ੁਰਮਾਂ ਖਿਲਾਫ਼ ਕਿਸੇ ਕਿਸਮ ਦਾ ਲਿਹਾਜ ਨਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਐਸ.ਐਸ.ਪੀ. ਮਾਹਲ ਨੇ ਕਿਹਾ ਕਿ ਨਸ਼ਿਆਂ, ਮਾਫੀਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ। ਪੂਰੇ ਹੋਣ ਜਾ ਰਹੇ ਸਾਲ 2020 ਵਿੱਚ ਹੁਸ਼ਿਆਰਪੁਰ ਪੁਲਿਸ ਦੀਆਂ ਕੁਝ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 1 ਅਕਤੂਬਰ ਨੂੰ ਸ਼ੁਰੂ ਕੀਤੇ ਮਿਸ਼ਨ ਚਲਾਨ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਇਸ ਮਿਸ਼ਨ ਤਹਿਤ ਹੁਣ ਤੱਕ 642 ਚਲਾਨ ਵੱਖ-ਵੱਖ ਅਦਾਲਤਾਂ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ।

ਉਹਨਾਂ ਦੱਸਿਆ ਕਿ ਮਿਸ਼ਨ ਚਲਾਨ ਤਹਿਤ ਉਹ ਖੁਦ ਹਰੇਕ ਜਾਂਚ ਅਧਿਕਾਰੀ ਦੀ ਕਾਰਗੁਜਾਰੀ ਦਾ ਮੁਲਾਂਕਣ ਕਰਦੇ ਹਨ ਤਾਂ ਕਿ ਉਹਨਾਂ ਦੇ ਕੰਮ ਵਿੱਚ ਹੋਰ ਤੇਜ਼ੀ ਅਤੇ ਨਿਪੁੰਨਤਾ ਲਿਆਂਦੀ ਜਾ ਸਕੇ। ਨਾਜਾਇਜ਼ ਸ਼ਰਾਬ ਖਿਲਾਫ਼ ਵਿੱਢੀ ਮੁਹਿੰਮ ਬਾਰੇ ਨਵਜੋਤ ਸਿੰਘ ਮਾਹਲ, ਜਿਹਨਾਂ ਨੇ 1 ਅਗਸਤ ਨੂੰ ਬਤੌਰ ਐਸ.ਐਸ.ਪੀ. ਚਾਰਜ ਸੰਭਾਲਿਆ, ਨੇ ਦੱਸਿਆ ਕਿ ਅਗਸਤ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖਿਲਾਫ਼ ਜੰਗੀ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ ਐਕਸਾਈਜ਼ ਐਕਟ ਤਹਿਤ 166 ਕੇਸ ਦਰਜ ਕਰਦਿਆਂ 2520 ਲੀਟਰ ਨਾਜਾਇਜ਼ ਅਤੇ 3222 ਲੀਟਰ ਜਾਇਜ਼ ਸ਼ਰਾਬ ਤੋਂ ਇਲਾਵਾ 26850 ਕਿਲੋ ਲਾਹਨ, 16 ਲੀਟਰ ਬੀਅਰ ਬਰਾਮਦ ਕਰਨ ਦੇ ਨਾਲ-ਨਾਲ ਇਕ ਚਾਲੂ ਭੱਠੀ ਵੀ ਫੜੀ ਗਈ। ਇਸ ਕਾਰਵਾਈ ਦੌਰਾਨ 2 ਭਗੌੜੇ ਵੀ ਕਾਬੂ ਕੀਤੇ ਗਏ। ਤਕਨੀਕੀ ਅਤੇ ਸਾਇੰਟਫਿਕ ਜਾਂਚ ਦੇ ਖੇਤਰ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਦਿਆਂ ਸ਼ਹਿਰ ਦੇ ਇਕ ਵਕੀਲ ਅਤੇ ਉਸ ਦੀ ਸਹਾਇਕਾ ਦੀ ਭੇਦਭਰੀ ਹਾਲਤ ਵਿੱਚ ਮੌਤ, ਜੋ ਕਿ ਅਸਲ ਵਿੱਚ ਅੰਨਾ ਕਤਲ ਸੀ, ਨੂੰ ਵੀ ਕੁਝ ਦਿਨਾਂ ਵਿੱਚ ਹੀ ਹੱਲ ਕਰਦਿਆਂ ਜ਼ਿਲਾ ਪੁਲਿਸ ਨੇ ਚਾਰ ਮੁਲਜ਼ਮਾਂ ਵਿੱਚੋਂ ਬੁਲੰਦ ਸ਼ਹਿਰ ਉਤਰ ਪ੍ਰਦੇਸ਼ ਦੇ ਵਾਸੀ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਰਾਸ਼ਟਰੀ ਪੱਧਰ ’ਤੇ ਕਈ ਦਿਨ ਸੁਰਖੀਆਂ ਅਤੇ ਚਰਚਾ ਵਿੱਚ ਰਹੇ ਟਾਂਡਾ ਖੇਤਰ ਵਿੱਚ 6 ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਜ਼ਿਲਾ ਪੁਲਿਸ ਨੇ ਜਾਂਚ ਨੂੰ ਤੇਜ਼ੀ ਨਾਲ ਮੁਕੰਮਲ ਕਰਦਿਆਂ ਮਾਮਲੇ ਸਬੰਧੀ ਚਲਾਨ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਤਾਂ ਜੋ ਮੁਲਜ਼ਮ ਨੂੰ ਜਲਦ ਤੋਂ ਜਲਦ ਮਿਸਾਲੀਆ ਸਜ਼ਾ ਦਿਵਾਈ ਜਾ ਸਕੇ। ਅਮਨ-ਕਾਨੂੰਨ ਦੀ ਸਥਿਤੀ ਅਤੇ ਭੈੜੇ ਅਨਸਰਾਂ ਵਿਰੁੱਧ 2020 ਵਿੱਚ ਕੀਤੀ ਕਾਰਵਾਈ ਬਾਰੇ ਦੱਸਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲਾ ਪੁਲਿਸ ਨੇ ਕੋਵਿਡ-19 ਦੌਰਾਨ ਨਕਲੀ ਕਰਫਿਊ ਪਾਸ ਬਣਾਉਣ ਵਾਲੇ ਗੈਂਗ ਦਾ ਭਾਂਡਾ ਭੰਨਦਿਆਂ 9 ਵਿਅਕਤੀਆਂ ਨੂੰ ਕਾਬੂ ਕੀਤਾ ਜਿਹੜੇ ਨਕਲੀ ਪਾਸਾਂ ਰਾਹੀਂ ਪ੍ਰਵਾਸੀ ਕਾਮਿਆਂ ਨੂੰ ਯੂ.ਪੀ.-ਬਿਹਾਰ ਛੱਡਣ ਲਈ ਮੋਟੇ ਪੈਸੇ ਬਟੋਰ ਰਹੇ ਸਨ। ਇਸ ਤਰਾਂ ਇੰਡੀਅਨ ਓਵਰਸੀਜ਼ ਬੈਂਕ ਗਿਲਜੀਆਂ ਅਤੇ ਪੰਜਾਬ ਐਂਡ ਸਿੰਧ ਬੈਂਕ ਭਾਗੋਵਾਲ ਦੀਆਂ ਡਕੈਤੀਆਂ ਨੂੰ ਹੱਲ ਕਰਦਿਆਂ ਪੁਲਿਸ ਨੇ ਕਾਬੂ ਕੀਤੇ ਵਿਅਕਤੀਆਂ ਤੋਂ 3 ਦੇਸੀ ਪਿਸਤੌਲਾਂ, 315 ਬੋਰ ਪਿਸਤੌਲ, 8 ਜਿੰਦਾ ਕਾਰਤੂਸ ਅਤੇ 3,78,500 ਰੁਪਏ ਵੀ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ। ਇਸੇ ਤਰਾਂ ਨਵੰਬਰ ਮਹੀਨੇ ਵਿੱਚ ਜ਼ਿਲਾ ਪੁਲਿਸ ਨੇ 6 ਗੈਂਗਸਟਰਾਂ ਫੜੇ ਜਿਨਾਂ ਤੋਂ ਮੁਢਲੀ ਪੁੱਛਗਿਛ ਉਪਰੰਤ ਵੱਡੀਆਂ ਮੱਛੀਆਂ ਕਾਬੂ ਕਰਨ ਵਿੱਚ ਸਫ਼ਲਤਾ ਮਿਲੇਗੀ। ਐਸ.ਐਸ.ਪੀ. ਨੇ ਦੱਸਿਆ ਕਿ ਪਿੱਛੇ ਜਿਹੇ ਇਕ 80 ਸਾਲਾ ਬਜ਼ੁਰਗ ਮਾਤਾ ਤੋਂ ਨਕਦੀ ਖੋਹ ਕੇ ਫਰਾਰ ਹੋਏ ਨੌਜਵਾਨ ਨੂੰ ਪੁਲਿਸ ਨੇ ਘਟਨਾ ਤੋਂ 6 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰਕੇ ਮਾਤਾ ਜੀ ਨੂੰ 67 ਹਜ਼ਾਰ ਰੁਪਏ ਵਾਪਸ ਦਿਵਾਏ।

ਇਸੇ ਤਰਾਂ ਇਕ ਪ੍ਰਾਈਵੇਟ ਲੈਬਾਰਟਰੀ ’ਤੇ ਹੋਈ 1.2 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਹੱਲ ਕਰਦਿਆਂ 72 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਕਾਬੂ ਕੀਤਾ। ਨਕਲੀ ਕਰੰਸੀ ਛਾਪਣ ਅਤੇ ਮਾਰਕੀਟ ਵਿੱਚ ਚਲਾਉਣ ਦੇ ਮਾਮਲੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 5,93,600 ਰੁਪਏ ਬਰਾਮਦ ਕੀਤੇ ਗਏ। ਸੀ.ਆਈ.ਏ. ਸਟਾਫ਼ ਦੀ ਟੀਮ ਵਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 2 ਕਿਲੋ 100 ਗ੍ਰਾਮ ਹੈਰੋਇਨ, 15 ਲੱਖ ਰੁਪਏ ਨਕਦ, ਬਿਨਾਂ ਕਾਗਜ਼ਾਤ ਤੋਂ ਆਈ-20 ਕਾਰ ਬਰਾਮਦ ਕਰਕੇ ਥਾਣਾ ਹਰਿਆਣਾ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਕੋਵਿਡ-19 ਦੇ ਸੰਕਟ ਦੌਰਾਨ ਪੁਲਿਸ ਦੀ ਭੂਮਿਕਾ ਰਹੀ ਅਹਿਮ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕੋਵਿਡ-19 ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਲਗਾਏ ਲਾਕਡਾਊਨ, ਕਰਫਿਊ ਅਤੇ ਸਮੇਂ-ਸਮੇਂ ਜਾਰੀ ਹੁੰਦੀਆਂ ਹਦਾਇਤਾਂ ਦੀ ਪਾਲਣਾ ਲਈ ਜ਼ਿਲਾ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ ਅਤੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ। ਉਹਨਾਂ ਦੱਸਿਆ ਕਿ ਕਰਫਿਊ ਅਤੇ ਲਾਕਡਾਊਨ ਤਹਿਤ 27 ਦਸੰਬਰ 2020 ਤੱਕ ਕੁੱਲ 813 ਐਫ.ਆਈ.ਆਰ. ਦਰਜ ਕਰਕੇ 1156 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ।

ਇਸੇ ਦੌਰਾਨ ਮਾਸਕ ਨਾ ਪਾਉਣ ’ਤੇ 49642 ਚਲਾਨ ਕਰਕੇ 3,69,94300 ਰੁਪਏ ਜ਼ੁਰਮਾਨਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਸਿਹਤ ਸੰਕਟ ਦੌਰਾਨ ਪੁਲਿਸ ਫੋਰਸ ਅਤੇ ਉਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਮੁੱਖ ਤਰਜ਼ੀਹ ਦਿੰਦਿਆਂ ਸਰਕਾਰ ਵਲੋਂ ਸਮੇਂ-ਸਮੇਂ ਸਿਰ ਜਾਰੀ ਹੁੰਦੇ ਨਿਰਦੇਸ਼ਾਂ ਨੂੰ ਇਨ-ਬਿਨ ਯਕੀਨੀ ਬਣਾਇਆ ਗਿਆ।

LEAVE A REPLY

Please enter your comment!
Please enter your name here