
ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਨੂੰ ਭਾਰਤ ਦੇ ਖੂਬਸੂਰਤ ਅਤੇ ਸਾਫ-ਸੁਥਰੇ ਸ਼ਹਿਰਾਂ ਵਿਚ ਸ਼ੁਮਾਰ ਕੀਤਾ ਜਾਵੇਗਾ। ਅੱਜ ਨਗਰ ਨਿਗਮ ਦਫ਼ਤਰ ਵਿਖੇ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਵਲੋਂ ਮੁਹੱਈਆ ਕਰਵਾਈਆਂ ਗਈਆਂ 2 ਟਰੈਕਟਰ-ਟਰਾਲੀਆਂ ਨਗਰ ਨਿਗਮ ਨੂੰ ਭੇਟ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਸਾਫ਼-ਸੁਥਰਾ ਅਤੇ ਖੂਬਸੂਰਤ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚੋਂ ਰੋਜ਼ਾਨਾ 70 ਟਨ ਦੇ ਕਰੀਬ ਕੂੜਾ ਡੰਪ ਤੱਕ ਲਿਜਾਇਆ ਜਾਂਦਾ ਹੈ, ਜਿਸ ਨੂੰ ਲਿਜਾਣ ਵਿਚ ਮੁਸ਼ਕਿਲ ਪੇਸ਼ ਆ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਲਈ ਮਸ਼ੀਨਰੀ ਦੀ ਲੋੜ ਸੀ, ਜਿਸ ਨੂੰ ਪੂਰਾ ਕਰਦਿਆਂ ਸੋਨਾਲੀਕਾ ਪਰਿਵਾਰ ਵਲੋਂ ਨਗਰ ਨਿਗਮ ਨੂੰ ਇਹ ਟਰੈਕਟਰ-ਟਰਾਲੀਆਂ ਮੁਹੱਈਆ ਕਰਵਾਈਆਂ ਗਈਆਂ ਹਨ।

ਸਭਨਾਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਨੂੰ ਕੀਤਾ ਜਾਵੇਗਾ ਭਾਰਤ ਦੇ ਖੂਬਸੂਰਤ ਸ਼ਹਿਰਾਂ ਵਿਚ ਸ਼ੁਮਾਰ: ਬ੍ਰਮ ਸ਼ੰਕਰ ਜਿੰਪਾ
ਉਨ੍ਹਾਂ ਸੋਨਾਲੀਕਾ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਸ਼ਹਿਰ ਦੀ ਬਿਹਤਰੀ ਅਤੇ ਇਸ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਅੱਗੇ ਹੋ ਕੇ ਯੋਗਦਾਨ ਪਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਇੰਡਸਟਰੀ ਵਲੋਂ ਖਿੱਤੇ ਦੇ ਨੌਜਵਾਨਾਂ ਨੂੰ ਵੱਡੀ ਪੱਧਰ ’ਤੇ ਰੋਜ਼ਗਾਰ ਮੁਹੱਈਆ ਕਰਵਾਏ ਜਾਣ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਦੀ ਅਗਵਾਈ ਹੇਠ 8 ਫਰਵਰੀ ਤੋਂ 15 ਦਿਨਾਂ ਲਈ ਭੰਗੀ ਚੋਅ ਦੀ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ, ਕੌਂਸਲਰਾਂ, ਸਵੈਸੇਵੀ ਸੰਸਥਾਵਾਂ ਅਤੇ ਸਫ਼ਾਈ ਕਰਮੀਆਂ ਨੂੰ ਇਸ ਮੁਹਿੰਮ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਸੋਨਾਲੀਕਾ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਕਿਹਾ ਕਿ ਵਧੀਆ ਸੋਚ ਨਾਲ ਸਭ ਕੁਝ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਇਸ ਸ਼ਹਿਰ ਨਾਲ ਸਬੰਧ ਰੱਖਦੇ ਹਨ, ਜਿਹੜੇ ਕਿ ਹਮੇਸ਼ਾ ਹੁਸ਼ਿਆਰਪੁਰ ਦੀ ਤਰੱਕੀ ਲਈ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹੇ ਨੂੰ ਕੋਮਲ ਮਿੱਤਲ ਦੇ ਰੂਪ ਵਿਚ ਇਕ ਊਰਜਾਵਾਨ ਡਿਪਟੀ ਕਮਿਸ਼ਨਰ ਮਿਲੇ ਹਨ ਅਤੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਸਦਕਾ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਦੀ ਬਿਹਤਰੀ ਲਈ ਵੱਡੇ ਬਦਲਾਅ ਆਉਣਗੇ। ਉਨ੍ਹਾਂ ਕਿਹਾ ਕਿ ਉਹ ਹੁਸ਼ਿਆਰਪੁਰ ਲਈ ਹਮੇਸ਼ਾ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।
ਨਗਰ ਨਿਗਮ ਦੇ ਕਮਿਸ਼ਨਰ ਕੋਮਲ ਮਿੱਤਲ ਨੇ ਨਿਗਮ ਨੂੰ ਮੁਹੱਈਆ ਕਰਵਾਈ ਇਸ ਮਸ਼ੀਨਰੀ ਲਈ ਸੋਨਾਲੀਕਾ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਤੋਂ ਇਲਾਵਾ ਸਮੂਹ ਕੌਂਸਲਰ, ਸਫ਼ਾਈ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।











