
ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਆਈ.ਟੀ.ਆਈ ਹੁਸ਼ਿਆਰਪੁਰ ਨੂੰ ਸੈਂਟਰ ਆਫ਼ ਐਕਸੀਲੈਂਸ ਵਜੋਂ ਸਥਾਪਿਤ ਕਰਕੇ ਇਥੇ ਵਿਦਿਆਰਥੀਆਂ ਲਈ ਇੰਡਸਟਰੀ ਦੀ ਮੰਗ ਦੇ ਹਿਸਾਬ ਨਾਲ ਆਧੁਨਿਕ ਕੋਰਸ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਸ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਸਬੰਧੀ ਸੁਝਾਅ ਮੰਗੇ ਅਤੇ ਨਿਰਦੇਸ਼ ਦਿੱਤੇ ਕਿ ਆਈ.ਟੀ.ਆਈ ਵਿਚ ਵਿਦਿਆਰਥੀਆਂ ਤੱਕ ਅੱਜ ਦੇ ਸਮੇਂ ਦੇ ਹਿਸਾਬ ਨਾਲ ਚੱਲਣ ਵਾਲੇ ਕੋਰਸ ਮੁਹੱਈਆ ਕਰਵਾਉਣੇ ਅਤੇ ਉਨ੍ਹਾਂ ਦੀ ਪੜ੍ਹਾਈ ਵਿਚ ਮਦਦ ਕਰਨ ਸਬੰਧੀ ਹਰ ਜ਼ਰੂਰੀ ਸੁਵਿਧਾ ਉਪਲਬੱਧ ਕਰਵਾਉਣ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਨ ਫਾਊਂਡੇਸ਼ਨ ਵਲੋਂ ਸਰਕਾਰੀ ਆਈ.ਟੀ.ਆਈ ਅਤੇ ਨਸ਼ਾ ਛੁਡਾਊ ਕੇਂਦਰ ਦੇ ਵਿਕਾਸ ਨੂੰ ਲੈ ਕੇ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਇਸ ਸਬੰਧੀ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਈ.ਟੀ.ਆਈ ਦੇ ਬੱਚਿਆਂ ਨੂੰ ਸਕਿੱਲਡ ਕਰਨ ਦੇ ਉਦੇਸ਼ ਨਾਲ ਸਨ ਫਾਊਂਡੇਸ਼ਨ ਵਲੋਂ ਪਹਿਲ ਕੀਤੀ ਗਈ ਹੈ, ਜੋ ਕਿ ਬਹੁਤ ਹੀ ਪ੍ਰਸੰਸਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਨ ਫਾਊਂਡੇਸ਼ਨ ਵਿਚ ਸਰਕਾਰੀ ਆਈ.ਟੀ.ਆਈ ਲਈ ਕੋਰਸ ਦੇ ਹਿਸਾਬ ਨਾਲ ਮਸ਼ੀਨਰੀ ਉਪਲਬੱਧ ਕਰਵਾਉਣ ਅਤੇ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਕਰਵਾ ਚੁੱਕੇ ਲੋਕਾਂ ਦੇ ਪੁਨਰਵਾਸ ਲਈ ਉਨ੍ਹਾਂ ਨੂੰ ਸਕਿੱਲਡ ਕੋਰਸ ਕਰਵਾਉਣਾ ਹੈ।
ਇਸ ਦੌਰਾਨ ਸਨ ਫਾਊਂਡੇਸ਼ਨ ਦੇ ਡਾਇਰੈਕਟਰ ਕੰਵਰ ਸੁਖਜਿੰਦਰ ਸਿੰਘ ਚਟਵਾਲ ਨੇ ਕਿਹਾ ਕਿ ਸਨ ਫਾਊਂਡੇਸ਼ਨ ਵਲੋਂ ਆਈ.ਟੀ.ਆਈ ਦੇ ਖੇਤਰ ਅਤੇ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਕਰਵਾ ਚੁੱਕੇ ਮਰੀਜਾਂ ਦੇ ਪੁਨਰਵਾਸ ਦੇ ਖੇਤਰ ਵਿਚ ਕਾਫ਼ੀ ਕਾਰਜ ਕੀਤੇ ਗਏ ਹਨ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਪੈਰ੍ਹਾਂ ’ਤੇ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਵੀ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸੇ ਦਿਸ਼ਾ ਵੱਲ ਕੰਮ ਕਰ ਰਹੇ ਹਨ।
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ, ਪਿ੍ਰੰਸੀਪਲ ਸਰਕਾਰੀ ਆਈ.ਟੀ.ਆਈ ਕਾਲਜ ਹੁਸ਼ਿਆਰਪੁਰ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਐਕਸੀਅਨ ਲੋਕ ਨਿਰਮਾਣ ਵਿਭਾਗ ਰਾਜੀਵ ਸੈਣੀ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਸਕੱਤਰ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ, ਸਾਬਕਾ ਭੂਮੀ ਮੰਡਲ ਸੁਰੱਖਿਆ ਅਫ਼ਸਰ ਨਰੇਸ਼ ਗੁਪਤਾ, ਪਲੇਸਮੈਂਟ ਅਫ਼ਸਰ ਰਾਕੇਸ਼ ਕੁਮਾਰ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।











