Monday, October 19, 2026
Home Latest ਉਡੀਕ ਨਾ ਹੋਈ ਬਰਦਾਸ਼ਤ, ਮਾਵਾਂ ਧੀਆਂ ਯੋਜਨਾ ਦੇ ਫਾਰਮ ਭਰਵਾਉਣ ਆਏ ਪਰਿਵਾਰ...

ਉਡੀਕ ਨਾ ਹੋਈ ਬਰਦਾਸ਼ਤ, ਮਾਵਾਂ ਧੀਆਂ ਯੋਜਨਾ ਦੇ ਫਾਰਮ ਭਰਵਾਉਣ ਆਏ ਪਰਿਵਾਰ ਨੇ ਵਰਕਰਾਂ ਦਾ ਚਾੜ੍ਹਿਆ ਕੁਟਾਪਾ

ਡੇਰਾਬੱਸੀ (ਦ ਸਟੈਲਰ ਨਿਊਜ਼)। ਡੇਰਾਬੱਸੀ ਪਿੰਡ ਬੜਾਣਾ ਦੀ ਆਂਗਣਵਾੜੀ ਵਰਕਰ ਗੁਰਦੀਪ ਕੌਰ ਨੇ ਆਰੋਪ ਲਗਾਇਆ ਹੈ ਕਿ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ’ ਸਕੀਮ ਤਹਿਤ ਪਿੰਡ ਵਾਸੀਆਂ ਦੇ ਫਾਰਮ ਔਨਲਾਈਨ ਅਪਲੋਡ ਕਰਨ ਦੌਰਾਨ ਕੁੱਝ ਲੋਕਾਂ ਵੱਲੋਂ ਉਸ ਅਤੇ ਉਸਦੇ ਪੁੱਤਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਪੀੜਤ ਵਰਕਰਾਂ ਨੇ ਦੱਸਿਆ ਕਿ ਮੋਬਾਈਲ ਐਪ ਦੀ ਗਤੀ ਧੀਮੀ ਹੋਣ ਕਾਰਨ ਜਦੋਂ ਉਸਨੇ ਬਿਨੈਕਾਰਾਂ ਨੂੰ ਕੁੱਝ ਸਮਾਂ ਉਡੀਕ ਕਰਨ ਲਈ ਕਿਹਾ, ਤਾਂ ਇਸੇ ਗੱਲ ਤੋਂ ਖਫ਼ਾ ਹੋ ਕੇ ਕੁੱਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੇ ਅੰਦਰ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਵਿਧਵਾ ਗੁਰਦੀਪ ਕੌਰ ਨੇ ਦੱਸਿਆ ਕਿ ਪਿੰਡ ਦੇ ਹੀ ਕੁਲਦੀਪ ਸਿੰਘ, ਉਸਦੀ ਪਤਨੀ ਬਲਜਿੰਦਰ ਕੌਰ, ਪੁੱਤਰ ਰਵਿੰਦਰ ਸਿੰਘ ਅਤੇ ਨੂੰਹ ਰਾਜਵਿੰਦਰ ਕੌਰ ਨੇ ਕਥਿਤ ਤੌਰ ਤੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਅਚਨਚੇਤ ਹੋਏ ਹਮਲੇ ਵਿੱਚ ਉਹ ਅਤੇ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ-ਇਲਾਜ ਹਨ। ਗੁਰਦੀਪ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਰੋਪੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

Advertisements

ਉਨ੍ਹਾਂ ਦਾਅਵਾ ਕੀਤਾ ਕਿ ਘਟਨਾ ਦੀ ਵੀਡੀਓ ਅਤੇ ਸੀਡੀਪੀਓ ਦਫ਼ਤਰ ਨਾਲ ਸਬੰਧਿਤ ਵੀਡੀਓ ਵੀ ਸਬੂਤ ਵਜੋਂ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਦੇ ਆਧਾਰ ਤੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ ਸੀ.ਡੀ.ਪੀ.ਓ. ਡੇਰਾਬੱਸੀ ਸੁਮਨ ਲਤਾ ਤੁਰੰਤ ਹਸਪਤਾਲ ਪਹੁੰਚੇ ਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਬਣਦੀ ਕਾਰਵਾਈ ਕਰਨ ਦਾ ਪੂਰਾ ਭਰੋਸਾ ਦਿੱਤਾ। ਇਸ ਦੌਰਾਨ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਨੇ ਇਸ ਘਟਨਾ ਦੀ ਤਿੱਖੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਆਂਗਣਵਾੜੀ ਵਰਕਰ ਨੂੰ ਜਲਦ ਇਨਸਾਫ਼ ਨਾ ਦਿੱਤਾ ਤਾਂ ਸਮੁੱਚੀ ਯੂਨੀਅਨ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਜਲਦ ਤੋਂ ਜਲਦ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here