Sunday, November 22, 2026
Home Latest ਅੰਮ੍ਰਿਤਸਰ ‘ਚ ਦਿਨ-ਦਿਹਾੜੇ ਦੁਕਾਨਦਾਰ ਤੇ ਹਮਲਾ, ਘਟਨਾ CCTV ‘ਚ ਕੈਦ

ਅੰਮ੍ਰਿਤਸਰ ‘ਚ ਦਿਨ-ਦਿਹਾੜੇ ਦੁਕਾਨਦਾਰ ਤੇ ਹਮਲਾ, ਘਟਨਾ CCTV ‘ਚ ਕੈਦ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਸ਼ਹਿਰ ਦੇ ਥਾਣਾ ਰਾਮਬਾਗ ਅਧੀਨ ਆਉਂਦੀ ਜੌਹਨਸਨ ਮਾਰਕੀਟ ਵਿੱਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਜਿੱਥੇ ਕੁਝ ਬੇਖੌਫ਼ ਹਮਲਾਵਰਾਂ ਨੇ ਇੱਕ ਦੁਕਾਨਦਾਰ ‘ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਇਸ ਕੁੱਟਮਾਰ ਦੌਰਾਨ ਦੁਕਾਨਦਾਰ ਦਾ ਸਿਰ ਪਾਟ ਗਿਆ ਅਤੇ ਉਸ ਦੀ ਦੁਕਾਨ ਵਿੱਚ ਵੀ ਭੰਨਤੋੜ ਕੀਤੀ ਗਈ। ਇਹ ਸਾਰੀ ਵਾਰਦਾਤ ਦੁਕਾਨ ਅਤੇ ਮਾਰਕੀਟ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਹੁਣ ਸਾਹਮਣੇ ਆ ਚੁੱਕੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Advertisements

ਪੀੜਤ ਦੁਕਾਨਦਾਰ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਰਿਸ਼ਤੇਦਾਰੀ ਵਿੱਚ ਲੱਗਦਾ ਮੋਹਿਤ ਕੁਮਾਰ ਨਾਮ ਦਾ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਇਸ ਸਬੰਧੀ ਪੀੜਤ ਨੇ 3-4 ਦਿਨ ਪਹਿਲਾਂ ਥਾਣਾ ਬੀ-ਡਵੀਜ਼ਨ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਅਤੇ ਸਬੂਤ ਵਜੋਂ ਰਿਕਾਰਡਿੰਗ ਵੀ ਪੇਸ਼ ਕੀਤੀ ਸੀ। ਪੀੜਤ ਦਾ ਆਰੋਪ ਹੈ ਕਿ ਉਸ ਵੇਲੇ ਪੁਲਿਸ ਨੇ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਦਬਾਅ ਬਣਾ ਕੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ।

ਸੁਨੀਲ ਕੁਮਾਰ ਅਨੁਸਾਰ ਅੱਜ ਜਦੋਂ ਉਹ ਆਪਣੀ ਜੌਹਨਸਨ ਮਾਰਕੀਟ ਸਥਿਤ ਦੁਕਾਨ ‘ਤੇ ਮੌਜੂਦ ਸੀ, ਤਾਂ ਮੋਹਿਤ ਕੁਮਾਰ ਆਪਣੇ ਪਿਤਾ ਅਤੇ 2 ਹੋਰ ਸਾਥੀਆਂ ਨਾਲ 2 ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਉੱਥੇ ਪਹੁੰਚਿਆ। 2 ਨੌਜਵਾਨ ਦੁਕਾਨ ਦੇ ਬਾਹਰ ਖੜ੍ਹੇ ਰਹੇ, ਜਦਕਿ 2 ਅੰਦਰ ਦਾਖ਼ਲ ਹੋ ਗਏ ਅਤੇ ਉਸ ਨੂੰ ਬਾਹਰ ਆਉਣ ਲਈ ਕਿਹਾ। ਜਦੋਂ ਪੀੜਤ ਨੇ ਬਾਹਰ ਜਾਣ ਤੋਂ ਇਨਕਾਰ ਕੀਤਾ, ਤਾਂ ਹਮਲਾਵਰਾਂ ਨੇ ਦੁਕਾਨ ਤੋੜਨ ਦੀ ਧਮਕੀ ਦਿੱਤੀ। ਜਿਵੇਂ ਹੀ ਉਹ ਬਾਹਰ ਨਿਕਲਿਆ, ਮੁਲਜ਼ਮਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਪੀੜਤ ਦਾ ਆਰੋਪ ਹੈ ਕਿ ਹਮਲਾਵਰ ਨੇ ਕੜੇ ਨਾਲ ਵਾਰ ਕਰਕੇ ਉਸ ਦਾ ਸਿਰ ਪਾੜ ਦਿੱਤਾ, ਉਸ ‘ਤੇ ਰਿਵਾਲਵਰ ਤਾਣੀ ਅਤੇ ਗਲ਼ੇ ਵਿੱਚੋਂ ਚੇਨ ਵੀ ਝਪਟ ਲਈ। ਰੌਲਾ ਸੁਣ ਕੇ ਮਾਰਕੀਟ ਦੇ ਹੋਰ ਦੁਕਾਨਦਾਰ ਇਕੱਠੇ ਹੋਏ ਅਤੇ ਵਿਚ-ਬਚਾਅ ਕਰਕੇ ਉਸ ਦੀ ਜਾਨ ਬਚਾਈ।

ਘਟਨਾ ਤੋਂ ਬਾਅਦ ਜਦੋਂ ਖ਼ੂਨ ਨਾਲ ਲੱਥਪੱਥ ਪੀੜਤ ਦੁਕਾਨਦਾਰ ਸ਼ਿਕਾਇਤ ਦਰਜ ਕਰਵਾਉਣ ਅਤੇ ਮੈਡੀਕਲ ਕਰਵਾਉਣ ਲਈ ਥਾਣਾ ਰਾਮਬਾਗ ਪਹੁੰਚਿਆ, ਤਾਂ ਉੱਥੇ ਵੀ ਉਸ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਾਮਲੇ ਦੀ ਸੂਚਨਾ ਮਿਲਣ ‘ਤੇ ਥਾਣੇ ਪਹੁੰਚੇ ਸਮਾਜ ਸੇਵਕ ਵਰੁਣ ਸਰੀਨ ਨੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਚੁੱਕੇ। ਵਰੁਣ ਸਰੀਨ ਨੇ ਆਰੋਪ ਲਗਾਇਆ ਕਿ ਪੀੜਤ ਦੇ ਸਿਰ ਵਿੱਚੋਂ ਲਗਾਤਾਰ ਖ਼ੂਨ ਵਹਿ ਰਿਹਾ ਸੀ, ਪਰ ਡਿਊਟੀ ‘ਤੇ ਤਾਇਨਾਤ ਏਐੱਸਆਈ ਨੇ 40-45 ਮਿੰਟ ਤੱਕ ਉਸ ਦਾ ਮੈਡੀਕਲ ਡਾਕਟ ਨਹੀਂ ਕੱਟਿਆ।

ਜਦੋਂ ਉਨ੍ਹਾਂ ਨੇ ਇਸ ਬਾਰੇ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨਾਲ ਵੀ ਕਥਿਤ ਤੌਰ ‘ਤੇ ਬਦਤਮੀਜ਼ੀ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਹਾਲਾਂਕਿ, ਵਰੁਣ ਸਰੀਨ ਨੇ ਥਾਣਾ ਮੁਖੀ (SHO) ਦੇ ਵਿਵਹਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਡਮ ਦੇ ਦਖ਼ਲ ਤੋਂ ਬਾਅਦ ਪੀੜਤ ਦਾ ਡਾਕਟ ਕੱਟਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਫ਼ਰਿਆਦੀਆਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ।

ਥਾਣੇ ਤੋਂ ਮਹਿਜ਼ ਕੁਝ ਹੀ ਮੀਟਰ ਦੀ ਦੂਰੀ ‘ਤੇ ਸਥਿਤ ਜੌਹਨਸਨ ਮਾਰਕੀਟ ਵਿੱਚ ਵਾਪਰੀ ਇਸ ਵਾਰਦਾਤ ਕਾਰਨ ਦੁਕਾਨਦਾਰਾਂ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਦਿਨ-ਦਿਹਾੜੇ ਅਜਿਹੀ ਗੁੰਡਾਗਰਦੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਮਲਾਵਰਾਂ ਨੇ ਦੁਕਾਨਦਾਰ ਦਾ ਫ਼ੋਨ ਵੀ ਤੋੜ ਦਿੱਤਾ ਅਤੇ ਦੁਕਾਨ ਦਾ ਨੁਕਸਾਨ ਕੀਤਾ। ਐਸੋਸੀਏਸ਼ਨ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਜਲਦ ਹੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ, ਤਾਂ ਪੂਰੀ ਜੌਹਨਸਨ ਮਾਰਕੀਟ ਬੰਦ ਕਰਕੇ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਪੂਰੇ ਮਾਮਲੇ ‘ਤੇ ਥਾਣਾ ਰਾਮਬਾਗ ਦੀ ਮੁਖੀ (SHO) ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਸੁਨੀਲ ਕੁਮਾਰ ਦਾ ਮੈਡੀਕਲ ਡਾਕਟ ਕੱਟ ਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਥਾਣੇ ਵਿੱਚ ਦੇਰੀ ਦੇ ਆਰੋਪਾਂ ‘ਤੇ ਸਫ਼ਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਵੇਲੇ 1-2 ਹੋਰ ਮਾਮਲਿਆਂ ਦੇ ਡਾਕਟ ਵੀ ਕੱਟੇ ਜਾ ਰਹੇ ਸਨ, ਜਿਸ ਕਾਰਨ ਥੋੜ੍ਹਾ ਸਮਾਂ ਲੱਗਿਆ, ਪਰ ਹੁਣ ਡਾਕਟ ਜਾਰੀ ਕਰ ਦਿੱਤਾ ਗਿਆ ਹੈ।

ਐੱਸਐੱਚਓ ਨੇ ਪੁਸ਼ਟੀ ਕੀਤੀ ਕਿ ਦੋਵਾਂ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਹੈ ਅਤੇ ਪਹਿਲਾਂ ਵੀ ਇਨ੍ਹਾਂ ਦਾ ਰਾਜ਼ੀਨਾਮਾ ਹੋਇਆ ਸੀ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਸੀਸੀਟੀਵੀ ਫੁਟੇਜ ਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਜੋ ਵੀ ਆਰੋਪੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਆਰਮਜ਼ ਐਕਟ ਸਮੇਤ ਬਣਦੀਆਂ ਤਮਾਮ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here