‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਆਊਟਡੋਰ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲਾ ਪੱਧਰੀ ਟੂਰਨਾਮੈਂਟ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਜ਼ਿਲਾ ਖੇਡ ਦਫ਼ਤਰ ਵਲੋਂ ਆਊਟਡੋਰ ਸਟੇਡੀਅਮ ਵਿਖੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਮਰਪਿਤ ਜ਼ਿਲਾ ਪੱਧਰੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਦੀ ਸਮਾਪਤੀ ਮੌਕੇ ਵਿਧਾਇਕ ਹਲਕਾ ਟਾਂਡਾ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂਆਂ ਨੂੰ ਇਨਾਮ ਵੰਡਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਗਿਲਜੀਆਂ ਨੇ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ, ਇਸ ਲਈ ਬੱਚਿਆਂ ਅੰਦਰ ਖੇਡਾਂ ਦਾ ਰੁਝਾਨ ਵੀ ਪੈਦਾ ਕਰਨਾ ਚਾਹੀਦਾ ਹੈ।

Advertisements

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੇ ਪੱਧਰ ‘ਤੇ ਮੁਹਿੰਮ ਵਿੱਢੀ ਗਈ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਗਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕਰਕੇ ਸਰੀਰਕ ਤੰਦਰੁਸਤੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਇਹ ਜ਼ਿਲਾ ਪੱਧਰੀ ਟੂਰਨਾਮੈਂਟ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸੂਬਾ ਵਾਸੀਆਂ ਨੂੰ ਮਿਆਰੀ ਖੁਰਾਕ ਅਤੇ ਸਾਫ-ਸੁਥਰਾ ਵਾਤਾਵਰਣ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ। ਉਹਨਾਂ ਇਸ ਮੌਕੇ ਨੰਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਅਹਿਮੀਅਤ ਦੇਣ, ਕਿਉਂਕਿ ਇਕ ਚੰਗਾ ਖਿਡਾਰੀ ਵਧੀਆ ਇਨਸਾਨ ਸਾਬਤ ਹੁੰਦਾ ਹੈ। ਇਸ ਟੂਰਨਾਮੈਂਟ ਵਿੱਚ ਅੰਡਰ-14 ਸਾਲ ਦੇ ਕਰੀਬ 700 ਖਿਡਾਰੀਆਂ ਨੇ ਭਾਗ ਲਿਆ।

ਉਹਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਖੇਡ ਸਥਾਨਾਂ ‘ਤੇ ਐਥਲੈਟਿਕਸ, ਬਾਕਸਿੰਗ, ਬਾਸਕਿਟਬਾਲ, ਬੈਡਮਿੰਟ, ਕਬੱਡੀ, ਫੁੱਟਬਾਲ, ਜੂਡੇ, ਕੁਸ਼ਤੀ ਅਤੇ ਵਾਲੀਬਾਲ (ਲੜਕੇ/ਲੜਕੀਆਂ) ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਉਹਨਾਂ ਦੱਸਿਆ ਕਿ ਐਥਲੈਟਿਕਸ ਖੇਡ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿਖੇ, ਬਾਸਕਿਟਬਾਲ, ਕਬੱਡੀ, ਹੈਂਡਬਾਲ ਅਤੇ ਵਾਲੀਬਾਲ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ, ਬਾਕਸਿੰਗ, ਕੁਸ਼ਤੀ ਬੈਡਮਿੰਟਨ ਅਤੇ ਜੂਡੋ ਇਨਡੋਰ ਸਟੇਡੀਅਮ ਹੁਸ਼ਿਆਰਪੁਰ ਅਤੇ ਫੁੱਟਬਾਲ ਖੇਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿਖੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿੱਚ ਟੀਮ ਬਾਸਕਿਟਬਾਲ (ਲੜਕੇ) ਖਾਲਸਾ ਕਾਲਜ ਗੜਦੀਵਾਲਾ ਪਹਿਲੇ ਸਥਾਨ ‘ਤੇ ਰਹੀ, ਟਾਂਡਾ ਨੇ ਦੂਜਾ ਸਥਾਨ, ਢੋਲਣਵਾਲ ਤੀਜੇ ਸਥਾਨ ‘ਤੇ ਰਹੀ। ਇਸੇ ਤਰਾਂ ਬਾਸਕਿਟਬਾਲ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਪਹਿਲੇ ਸਥਾਨ, ਕੰਧਾਲਾ ਜੱਟਾਂ ਦੂਜੇ ਸਥਾਨ ਅਤੇ ਮਨਸੋਵਾਲ ਦੀ ਟੀਮ ਤੀਜੇ ਸਥਾਨ ‘ਤੇ ਰਹੀ।

ਟੀਮ ਫੁੱਟਬਾਲ (ਲੜਕਿਆਂ) ਵਿੱਚੋਂ ਫੁੱਟਬਾਲ ਅਕੈਡਮੀ ਮਾਹਿਲਪੁਰ ਪਹਿਲੇ ਸਥਾਨ, ਟੀਮ ਫੁੱਟਬਾਲ ਅਕੈਡਮੀ ਪੀ.ਆਈ.ਐਸ. ਹੁਸ਼ਿਆਰਪੁਰ ਦੂਜੇ ਅਤੇ ਫੁੱਟਬਾਲ ਅਕੈਡਮੀ ਤੀਜੇ ਸਥਾਨ ‘ਤੇ ਰਹੀ। ਉਹਨਾਂ ਦੱਸਿਆ ਕਿ ਲੜਕੀਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਪੁਰ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਰਾ ਡੀਂਗਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮ ਹੈਂਡਬਾਲ (ਲੜਕਿਆਂ) ਵਿੱਚੋਂ ਸਤਿ ਸਾਹਿਬ ਸਪੋਰਟਸ ਕਲੱਬ ਮੇਘੋਵਾਲ ਹੁਸ਼ਿਆਰਪੁਰ-1 ਪਹਿਲੇ ਸਥਾਨ, ਸਰਕਾਰੀ ਸੀਨਿਅਰ ਸੇਕੇਂਡਰੀ ਸਕੂਲ ਪਥਿਆਲ ਦੂਜੇ ਸਥਾਨ ਅਤੇ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜਿਆ ਤੀਜੇ ਸਥਾਨ ‘ਤੇ ਰਿਹਾ।

ਇਸੇ ਤਰਾਂ ਟੀਮ ਹੈਂਡਬਾਲ (ਲੜਕੀਆਂ) ਵਿੱਚ ਸਤਿ ਸਾਹਿਬ ਸਪੋਰਟਸ ਕਲੱਬ ਮੇਘੋਵਾਲ ਗੰਜਿਆ ਹੁਸ਼ਿਆਰਪੁਰ-1 ਨੇ ਪਹਿਲਾ ਸਥਾਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜਿਆਂ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ। ਟੀਮ ਵਾਲੀਬਾਲ ਪੰਡੋਰੀ ਖਜੂਰ ਪਹਿਲੇ ਸਥਾਨ, ਜਨੌੜੀ ਦੂਜੇ ਸਥਾਨ ਅਤੇ ਵਿਦਿਆ ਮੰਦਰ ਸਕੂਲ ਹੁਸ਼ਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮ ਵਾਲੀਬਾਲ (ਲੜਕੀਆਂ) ਵਿੱਚੋਂ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਪਹਿਲੇ, ਕੋਟ ਫਤੂਹੀ ਸਕੂਲ ਦੂਜੇ ਅਤੇ ਜਨੌੜੀ ਤੀਜੇ ਸਥਾਨ ‘ਤੇ ਰਿਹਾ।

ਇਸ ਮੌਕੇ ਜ਼ਿਲਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਜ਼ਿਲਾ ਖੇਡ ਦਫ਼ਤਰ ਦੇ ਵਿਭਾਗੀ ਕੋਚ ਬਲਵੀਰ ਸਿੰਘ, ਅਮਨਦੀਪ ਕੌਰ ਬਾਸਕਿਟਬਾਲ ਕੋਚ, ਹਰਜੰਗ ਸਿੰਘ ਬਾਕਸਿੰਗ ਕੋਚ, ਨਿਤਿਸ਼ ਠਾਕੁਰ ਤੈਰਾਕੀ ਕੋਚ, ਸਨੁਜ ਸ਼ਰਮਾ ਕੁਸ਼ਤੀ ਕੋਚ, ਹਰਜੀਤਪਾਲ ਫੁੱਟਬਾਲ ਕੋਚ, ਸਰਫਰਾਜ ਖਾਨ ਫੁੱਟਬਾਲ ਕੋਚ ਸਮੇਤ ਬਲਵੀਰ ਕੁਮਾਰ, ਕ੍ਰਿਸ਼ਨ ਗੋਪਾਲ, ਰਾਘਵ ਬਾਂਸਲ ਅਤੇ ਖੇਡ ਪ੍ਰੇਮੀ ਸ਼ਾਮਲ ਸਨ।

LEAVE A REPLY

Please enter your comment!
Please enter your name here