
ਫਾਜ਼ਿਲਕਾ (ਦ ਸਟੈਲਰ ਨਿਊਜ਼)। ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਤੇ ਗੰਦਗੀ ਮੁਕਤ ਬਣਾਉਣਾ ਹਰ ਇਕ ਦੀ ਨੈਤਿਕ ਤੇ ਮੁੱਢਲੀ ਜਿੰਮੇਵਾਰੀ ਹੈ। ਜਿਸ ਤਹਿਤ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵਿਭਾਗ ਗਤੀਵਿਧੀਆਂ ਉਲੀਕ ਰਿਹਾ ਹੈ। ਇਸੇ ਕੜੀ ਤਹਿਤ ਸਵੱਛਤਾ ਦੀ ਲਹਿਰ ਸਫਾਈ ਪੰਦਰਵਾੜੇ ਦੀ ਸ਼ੁਰੂਆਤ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੀ ਸਫਾਈ ਕਰਵਾ ਕੇ ਕੀਤੀ ਗਈ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਆਲੇ-ਦੁਆਲੇ ਦੀ ਸਫਾਈ ਰੱਖਣ ਨਾਲ ਜਿਥੇ ਉਥੋਂ ਦਾ ਇਲਾਕਾ ਗੰਦਗੀ ਮੁਕਤ ਬਣੇਗਾ ਇਸ ਦੇ ਨਾਲ-ਨਾਲ ਬਿਮਾਰੀਆਂ ਦੀ ਪੈਦਾਵਾਰ ਨਹੀਂ ਹੋਵੇਗੀ ਤੇ ਅਸੀਂ ਤੰਦਰੁਸਤ ਰਹਾਂਗੇ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ *ਤੇ ਗਤੀਵਿਧੀਆਂ ਉਲੀਕੀਆਂ ਜਾਂਦੀਆਂ ਰਹਿੰਦੀਆਂ ਹਨ ਜਿਸ ਨਾਲ ਸਾਰਿਆਂ ਅੰਦਰ ਸਫਾਈ ਪੱਖੋਂ ਜਾਗਰੂਕਤਾ ਪੈਦਾ ਹੁੰਦੀ ਹੈ।

ਸਵਨਾ ਨੇ ਲੋਕਾਂ ਨੂੰ ਅਪੀਲ ਤੇ ਜਾਗਰੂਕ ਕਰਦਿਆਂ ਕਿਹਾ ਕਿ ਸਾਫ-ਸਫਾਈ ਦੀ ਗਤੀਵਿਧੀ ਪੰਦਰਵਾੜੇ ਤੱਕ ਸੀਮਿਤ ਹੋ ਕੇ ਨਹੀਂ ਰਹਿਣੀ ਚਾਹੀਦੀ ਸਗੋਂ ਰੋਜਾਨਾ ਪੱਧਰ ਤੇ ਆਪਣੀ ਜਿੰਮੇਵਾਰੀ ਸਮਝਦਿਆਂ ਘਰਾਂ ਅੰਦਰ ਡਸਟਬਿਨਾ ਵਿਚ ਕੂੜਾ ਰਖਿਆ ਜਾਵੇ, ਅਜਾਂਈ ਸੜਕਾਂ ਤੇ ਨਾ ਸੁਟਿਆ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਵਿਚ ਕੂੜਾ ਵੱਖਰਾ-ਵੱਖਰਾ ਰਖਿਆ ਜਾਵੇ ਤੇ ਵੱਖਰਾ-ਵੱਖਰਾ ਹੀ ਜਮ੍ਹਾਂ ਕਰਵਾਇਆ ਜਾਵੇ। ਇਸ ਮੌਕੇ ਨਗਰ ਕੋਂਸਲ ਦੇ ਸੁਪਰਡੰਟ ਨਰੇਸ਼ ਖੇੜਾ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਵਿਭਾਗ ਵੱਲੋਂ 15 ਦਿਨ ਦੀ ਡਰਾਈਵ 24 ਅਕਤੂਬਰ ਤੋਂ 7 ਨਵੰਬਰ 2024 ਤੱਕ ਚਲਾਈ ਜਾਵੇਗੀ ਜਿਸ ਵਿੱਚ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਸਫਾਈ ਦੀ ਗਤੀਵਿਧੀ ਕਰਵਾਈ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਿਖੇ ਸਾਫ-ਸਫਾਈ ਦੀ ਵਿਵਸਥਾ ਨੂੰ ਸੁਚਜਾ ਬਣਾਉਣ ਲਈ ਨਗਰ ਕੋਂਸਲ ਦਾ ਸਹਿਯੋਗ ਦਿਤਾ ਜਾਵੇ ਅਤੇ ਜਿਥੇ ਪੁਆਇੰਟਾ ਤੇ ਸਫਾਈ ਹੋ ਚੁੱਕੀ ਹੈ ਉਥੇ ਵਿਸ਼ੇਸ਼ ਤੌਰ ਤੇ ਕੂੜਾ ਨਾ ਸੁਟਿਆ ਜਾਵੇ। ਇਸ ਮੌਕੇ ਪਵਣ ਕੁਮਾਰ ਸੀ ਐਫ, ਸਾਹਿਲ, ਬਗੀਚ, ਰਾਜਕੁਮਾਰੀ, ਸੰਤੋਸ਼, ਬੇਬੀ ਮੋਟੀਵੇਟਰ ਅਤੇ ਦਵਿੰਦਰ ਕੁਮਾਰ ਰਾਹੁਲ ਕੁਮਾਰ ਸੁਪਰਵਾਈਜ਼ਰ, ਸੁਨੀਲ ਮੈਨੀ, ਵਿਜੇ ਨਾਗਪਾਲ, ਬੋਬੀ ਸੇਤੀਆ, ਸ਼ਾਮ ਲਾਲ ਗਾਂਧੀ, ਸੰਦੀਪ ਚਲਾਨਾ, ਬੰਸੀ ਸਾਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।












