
ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ਸਮੀਰ ਸੈਣੀ। 18 ਜੂਨ ਦੀ ਰਾਤ ਨੂੰ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਰੀਬ 11 ਵਜੇ ਨੰਗਲ ਰੋਡ ਸ਼ਾਹਪੁਰ ਘਾਟਾ ਨਜ਼ਦੀਕ ਪਿੰਡ ਸ਼ਾਹਪੁਰ ਥਾਣਾ ਗੜ੍ਹਸ਼ੰਕਰ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰਨ ਦੀ ਇਤਲਾਹ ਮਿਲੀ ਸੀ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੰਦੀਪ ਮਲਿਕ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਡਾ. ਮੁਕੇਸ਼ ਕੁਮਾਰ ਪੀਪੀਐਸ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਗੜ੍ਹਸ਼ੰਕਰ ਅਤੇ ਥਾਣਾ ਮਾਹਿਲਪੁਰ ਦੀ ਟੀਮ ਗਠਿਤ ਕੀਤੀ ਗਈ ਸੀ, ਇਸ ਟੀਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਉਕਤ ਟੀਮ ਵੱਲੋਂ ਘਟਨਾ ਸਥਾਨ ਦਾ ਜਾਇਜਾ ਲੈਣ ਤੇ ਘਟਨਾ ਸਥਾਨ ਨੂੰ ਜਾਂਦੇ ਰਸਤਿਆ ਨੂੰ ਟੈਕਨੀਕਲ ਤਰੀਕੇ ਨਾਲ ਚੈਕ ਕਰਨ ਤੇ ਪਾਇਆ ਗਿਆ ਕਿ ਨਵੀਨ ਕੁਮਾਰ (ਦੋਸ਼ੀ) ਰੇਡੀਮੇਡ ਕੱਪੜੇ ਦੀ ਨਵੀਂ ਫੈਸ਼ਨ ਪੁਆਇੰਟ ਝੂੰਗੀਆ (ਬੀਨੇਵਾਲ) ਥਾਣਾ ਗੜ੍ਹਸ਼ੰਕਰ ਦੁਕਾਨ ਕਰਦਾ ਸੀ। ਨਵੀਨ ਕੁਮਾਰ (ਦੋਸ਼ੀ) ਦੀ ਦੁਕਾਨ ਤੇ ਉਸਦੇ ਮਾਮੇ ਦਾ ਲੜਕਾ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਕੰਮ ਕਰਦਾ ਸੀ। ਜੋ ਹੁਣ ਆਪਣੀ ਅਲੱਗ ਦੁਕਾਨ ਪਿੰਡ ਝੂੰਗੀਆ ਬੀਨੇਵਾਲ ਕਰਨਾ ਚਾਹੁੰਦਾ ਸੀ।

ਨਵੀਨ ਕੁਮਾਰ ਦੇ ਸਾਰੇ ਗ੍ਰਾਹਕਾਂ ਨਾਲ ਆਰੀਅਨ ਦਾ ਮੇਲਜੋਲ ਬਹੁਤ ਜਿਆਦਾ ਸੀ। ਜੋ ਆਰੀਅਨ ਵੱਲੋਂ ਆਪਣੀ ਦੁਕਾਨ ਨਵੀਨ ਕੁਮਾਰ ਦੇ ਦੁਕਾਨ ਦੇ ਬਰਾਬਰ ਖੋਲਣ ਨਾਲ ਉਸਦੀ ਦੁਕਾਨ ਦੀ ਸੇਲ ਨੂੰ ਬਹੁਤ ਨੁਕਸਾਨ ਹੋਣਾ ਸੀ। ਇਸੇ ਰੰਜਿਸ਼ ਕਰਕੇ ਨਵੀਨ ਕੁਮਾਰ ਨੇ ਆਪਣੇ ਮਾਮੇ ਦੇ ਲੜਕੇ ਆਰੀਅਨ ਨੂੰ ਮਾਰ ਦਣ ਦੀ ਨੀਅਤ ਨਾਲ ਨੰਗਲ ਰੋਡ ਸ਼ਾਹਪੁਰ ਘਾਟੇ ਵਿਚ ਸੁੰਨਸਾਨ ਜਗ੍ਹਾ ਤੇ ਬਹਾਨਾ ਲਗਾ ਕੇ ਆਪਣੀ ਕਾਰ ਰੋਕ ਕੇ ਆਪਣੇ ਨਜਾਇਜ ਪਿਸਟਲ 32 ਬੋਰ ਨਾਲ ਆਰੀਅਨ ਦੇ ਸਿਰ ਅਤੇ ਛਾਤੀ ਵਿਚ ਦੋ ਗੋਲੀਆ ਮਾਰ ਕੇ ਉਸਦਾ ਕਤਲ ਕਰ ਦਿਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਨਵੀਨ ਕੁਮਾਰ ਵਲੋਂ ਇਹ ਪਿਸਟਲ ਗੁਰਮੁੱਖ ਪੁੱਤਰ ਸੋਮਨਾਥ, ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਤੋਂ ਲਿਆ ਸੀ।
ਨਵੀਨ ਕੁਮਾਰ ਵਲੋਂ ਵਾਰਦਾਤ ਲਈ ਵਰਤਿਆ ਗਿਆ ਪਿਸਟਲ 32 ਬੋਰ 1 ਜਿੰਦਾ ਰੋਡ ਅਤੇ 1 ਚੱਲਿਆ ਹੋਇਆ ਕਾਰਤੂਸ ਅਤੇ ਸਵਿਫਟ ਕਾਰ ਪੀ.ਬੀ 24 ਈ 0923 ਜੋ ਨਵੀਨ ਕੁਮਾਰ ਦੀ ਸੀ ਬਰਾਮਦ ਕੀਤੀ। ਇਸਦੇ ਨਾਲ ਪਿਸਟਲ ਮੁਹੱਈਆ ਕਰਵਾਉਣ ਵਾਲੇ ਦੋਸ਼ੀਆਨ ਗੁਰਮੁੱਖ ਅਤੇ ਗੁਰਦੀਪ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸਤੋਂ ਇਲਾਵਾ ਦੋਸ਼ੀਆਨ ਗੁਰਮੁੱਖ ਅਤੇ ਗੁਰਦੀਪ ਵਲੋਂ ਦੋਸ਼ੀ ਨਵੀਨ ਕੁਮਾਰ ਨੂੰ ਜਿਸ ਕਾਰ ਰਾਹੀਂ ਪਿਸਟਲ ਮੁਹੱਈਆ ਕਰਵਾਇਆ ਗਿਆ ਸੀ, ਉਹ ਕਾਰ ਈਟੋਸ ਲੀਬਾ ਪੀ.ਬੀ 02 ਸੀ.ਪੀ 3993 ਬਰਾਮਦ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਗੁਰਮੁੱਖ ਪੁੱਤਰ ਸੋਮਨਾਥ ਵਾਸੀ ਮਹਿੰਦਵਾਣੀ ਦੇ ਖਿਲਾਫ ਪਹਿਲਾ ਵੀ 2 ਮੁਕਦਮੇ ਦਰਜ ਹਨ।












