Monday, November 2, 2026
Home Hoshiarpur ਪਿੰਡ ਮਿਰਜਾਪੁਰ ਜੰਡੇ ਵਿਖੇ ਸੰਤ ਬਾਬਾ ਮੁਨਸ਼ਾ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ

ਪਿੰਡ ਮਿਰਜਾਪੁਰ ਜੰਡੇ ਵਿਖੇ ਸੰਤ ਬਾਬਾ ਮੁਨਸ਼ਾ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ

ਹੁਸ਼ਿਆਰਪੁਰ/ ਮਿਰਜਾਪੁਰ ਜੰਡੇ (ਦ ਸਟੈਲਰ ਨਿਊਜ਼)। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਹੀਦ ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਇੱਕ ਇਤਿਹਾਸਕ ਸਮਾਗਮ ਪਿੰਡ ਮਿਰਜਾਪੁਰ ਜੰਡੇ ਵਿਖੇ ਸੰਪੰਨ ਹੋਇਆ। ਇਸ ਮੌਕੇ ਸੰਤ ਬਾਬਾ ਮੁਨਸ਼ਾ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਜ਼ਿਲ੍ਹਾ ਖੋਜ਼  ਅਫ਼ਸਰ ਡਾਕਟਰ ਜਸਵੰਤ ਰਾਏ ਜੀ ਵੱਲੋਂ ਕੀਤਾ ਗਿਆ।ਇਸ ਮੌਕੇ ਨਗਰ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਲੈਕਚਰਾਰ ਅਵਤਾਰ ਸਿੰਘ ਕੇਸੋਪੁਰ ਅਤੇ ਮਾਸਟਰ ਜਗਮੋਹਨ ਸਿੰਘ ਬਲਾਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਡਾਕਟਰ ਜਸਵੰਤ ਰਾਏ ਨੇ ਆਪਣੇ ਸੰਬੋਧਨ ਵਿੱਚ ਡਿਜੀਟਲ ਯੁੱਗ ਵਿੱਚ ਪੁਸਤਕਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਲਾਇਬ੍ਰੇਰੀਆਂ ਸਾਡੀ ਸੱਭਿਆਚਾਰਕ ਚੇਤਨਾ ਦੀ ਧਰੋਹਰ ਹਨ। ਉਨ੍ਹਾਂ ਨਗਰ ਵਾਸੀਆਂ ਨੂੰ ਇਸ ਸ਼ਲਾਘਾਯੋਗ ਉਪਰਾਲੇ ਲਈ ਵਧਾਈ ਦਿੱਤੀ ਅਤੇ ਆਪਣੇ ਨਿੱਜੀ ਪੁਸਤਕ ਸੰਗ੍ਰਹਿ ਵਿੱਚੋਂ ਲਗਭਗ 300 ਉੱਚ-ਪੱਧਰੀ ਪੁਸਤਕਾਂ ਲਾਇਬ੍ਰੇਰੀ ਨੂੰ ਭੇਟ ਕੀਤੀਆਂ।

Advertisements

ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਅਤੇ ਲੈਕਚਰਾਰ ਅਵਤਾਰ ਸਿੰਘ ਕੇਸੋਪੁਰ ਨੇ ਗੁਰਬਾਣੀ ਤੇ ਇਤਿਹਾਸ ਦੇ ਹਵਾਲਿਆਂ ਸਹਿਤ ਸ਼ਬਦ ਦੀ ਮਹੱਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗਿਆਨ ਦਾ ਪ੍ਰਸਾਰ ਹੀ ਅਜੋਕੇ ਸਮੇਂ ਦੀ ਸੱਚੀ ਅਗਵਾਈ ਹੈ। ਉਨ੍ਹਾਂ ਇਸ ਲਾਇਬ੍ਰੇਰੀ ਦੀ ਸਥਾਪਨਾ ਲਈ ਸਮੂਹ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਸਰਪੰਚ ਨੀਰਜ ਕੁਮਾਰ, ਹਰਪਿੰਦਰ ਸਿੰਘ (ਪੰਚ), ਗੁਰਦਿਆਲ ਸਿੰਘ ਜੰਡੇ, ਬਲਦੀਪ ਸਿੰਘ (ਸਾਬਕਾ ਸਰਪੰਚ), ਜਤਿੰਦਰ ਸਿੰਘ ਖੱਖ,  ਸੁਖਵਿੰਦਰ ਸਿੰਘ ਜੰਡੇ, ਜੋਗਿੰਦਰ ਪਾਲ ਅਤੇ ਦਲਜੀਤ ਸਿੰਘ ਸਮੇਤ ਸਥਾਨਕ ਪ੍ਰਬੰਧਕ ਅਤੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਹਰਪਾਲ ਸਿੰਘ ਨੇ ਬਾਖੂਬੀ ਨਿਭਾਈ। ਇਸ ਦੌਰਾਨ ਬੀਬਾ ਗੁਰਜੀਤ ਕੌਰ ਨੇ ਵੀ ਬਾਲ ਸਾਹਿਤ ਦੀਆਂ 101 ਕਿਤਾਬਾਂ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ।

ਸਮਾਗਮ ਦੀ ਸਮਾਪਤੀ ‘ਤੇ ਆਏ ਹੋਏ ਅਧਿਕਾਰੀਆਂ ਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਰਦਾਰ ਹਰਪਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਪਹਿਲਕਦਮੀ ਨੂੰ ਖਿੱਤੇ ਵਿੱਚ ਗਿਆਨ ਪ੍ਰਸਾਰ ਅਤੇ ਸ਼ਹੀਦੀ ਸੱਭਿਆਚਾਰ ਨੂੰ ਸਮਰਪਿਤ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here