
ਹਸ਼ਿਆਰਪੁਰ (ਦ ਸਟੈਲਰ ਨਿਊਜ਼)। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਮੁਖੀ ਵੱਲੋ ਬੱਸਾਂ ਵਿਚ ਸਾਰੇ ਨਾਰਮਜ਼/ਸ਼ਰਤਾਂ ਦੀ ਪਾਲਣਾ ਕਰਨੀ ਅਤੀ ਜਰੂਰੀ ਹੈ। ਜਿਲ੍ਹਾ ਹੁਸ਼ਿਆਰਪੁਰ ਵਿਖੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮੀਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਮਿਤੀ 22/09/2026 ਨੂੰ ਬਲਾਕ ਟਾਂਡਾ ਅਤੇ 30/09/2026 ਨੂੰ ਹੁਸ਼ਿਆਰਪੁਰ ਵਿਖੇ ਸੇਫ ਸਕੂਲ ਵਾਹਨਾ ਪਾਲਿਸੀ ਤਹਿਤ ਬੱਸਾਂ ਚੈੱਕ ਕੀਤੀਆਂ ਗਈਆ। ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਵਿਖੇ ਮਿਤੀ 22/09/2026 ਨੂੰ ਸੇਂਟ ਮੈਰੀ ਕੋਨਵੈਂਟ ਸਕੂਲ ਟਾਂਡਾ, ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ, ਉੜਮੜ ਟਾਂਡਾ ਅਤੇ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਪਿੰਡ ਬੈਂਚ, ਟਾਂਡਾ ਅਤੇ ਮਿਤੀ 30/09/2026 ਨੂੰ ਐਸ.ਏ.ਵੀ ਜੈਨ ਡੇ ਬੋਡਿੰਗ ਸਕੂਲ ਊਨਾ ਰੋਡ ਹੁਸ਼ਿਆਰਪੁਰ, ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਊਨਾ ਰੋਡ ਹੁਸ਼ਿਆਰਪੁਰ ਅਤੇ ਚੌਧਰੀ ਬਲਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।

ਇਸ ਦੌਰਾਨ ਜਿਲ੍ਹਾ ਹੁਸ਼ਿਆਰਪੁਰ ਵਿੱਚ ਕੁੱਲ 26 ਸਕੂਲ ਬੱਸਾਂ ਚੈੱਕ ਕੀਤੀਆਂ ਗਈਆਂ ਅਤੇ 14 ਚਲਾਨ ਕੱਟੇ ਗਏ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਹੁਸ਼ਿਆਰਪੁਰ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸ਼੍ਰੀਮਤੀ ਰਣਜੀਤ ਕੌਰ, ਸ਼੍ਰੀ ਅਮਨਦੀਪ ਸਿੰਘ, ਸ਼੍ਰੀਮਤੀ ਅਮਨਦੀਪ ਕੌਰ, ਪੁਲਿਸ ਵਿਭਾਗ ਵੱਲੋਂ ਰਾਕੇਸ਼ ਸਿੰਘ ਟਾਂਡਾ, ਮੁਖਤਿਆਰ ਸਿੰਘ ਸਿਟੀ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ, ਸਿੱਖਿਆ ਵਿਭਾਗ ਵੱਲੋਂ ਰਣਦੀਵ ਸਿੰਘ, ਸਿਮਰਨਜੀਤ ਕੌਰ ਅਤੇ ਸਮੂਹ ਟੀਮ ਹਾਜਰ ਸਨ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿਚ ਮਿਆਦ ਖਤਮ ਹੋ ਚੁੱਕੀਆਂ ਫਸਟ ਏਡ ਕਿੱਟਾਂ, ਬਿਨਾਂ ਲੇਡੀ ਅਟੈਂਡੈਂਟ, ਬਿਨ੍ਹਾ ਅੱਗ ਬੁਝਾਊ ਯੰਤਰ, ਬਿਨ੍ਹਾਂ ਯੂਨੀਫਾਰਮ ਆਦਿ ਕਮੀਆਂ ਪਾਈਆਂ ਗਈਆਂ। ਸਮੂਹ ਟੀਮ ਵਲੋਂ ਵੱਖ ਵੱਖ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਪਾਲਸੀ ਬਾਰੇ ਜਾਗਰੂਕਤਾ ਵੀ ਕੀਤੀ ਗਈ। ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ ਬੱਸਾਂ ਨਾਲ ਅਕਸਰ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਟਾਸਕ ਫੋਰਸ ਵੱਲੋਂ ਦੱਸਿਆ ਗਿਆ ਕਿ ਇਸ ਅਭਿਆਨ ਨੂੰ ਪੂਰੇ ਜਿਲ੍ਹੇ ਵਿਚ ਲਗਾਤਾਰ ਚੱਲਾਇਆ ਜਾਵੇਗਾ। ਟਾਸਕ ਫੋਰਸ ਵੱਲੋਂ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਡਰਾਇਵਰਾਂ ਦਾ ਸਮੇਂ ਸਿਰ ਮੈਡੀਕਲ ਚੈੱਕਅੱਪ ਕਰਵਾਇਆ ਜਾਵੇ, ਸਾਰੀਆਂ ਬੱਸਾਂ ਦੇ ਡਰਾਈਵਰ ਅਤੇ ਅਟੈਂਡੈਂਟ ਆਪਣੀ ਯੂਨੀਫਾਰਮ ਜਰੂਰ ਪਾਉਣ, ਬੱਸਾਂ ਵਿਚ ਸਫਰ ਕਰਨ ਵਾਲੇ ਛੋਟੇ ਬੱਚਿਆਂ ਦਾ ਖਾਸ ਧਿਆਨ ਰੱਖਣ ਉਹਨਾਂ ਨੂੰ ਬੱਸ ਤੋਂ ਚੜ੍ਹਨ ਅਤੇ ਉਤਰਨ ਸਮੇਂ ਸਹੀ ਤਰੀਕੇ ਨਾਲ ਰੋਡ ਕਰਾਸ ਕਰਵਾਉਣ ਅਤੇ ਜਿਹਨਾਂ ਸਕੂਲੀ ਬੱਸਾਂ ਵਿਚ ਜੋ ਵੀ ਕਮੀਆਂ ਪਾਈਆਂ ਗਈਆਂ ਹਨ ਉਹਨਾਂ ਨੂੰ ਤੁਰੰਤ ਦੂਰ ਕੀਤਾ ਜਾਵੇ।












